ਸੁਭਾਸ਼ ਚੰਦਰ
ਸਮਾਣਾ, 29 ਜਨਵਰੀ
ਆਜ਼ਾਦੀ ਦੇ ਇੰਨੇ ਸਾਲ ਮਗਰੋਂ ਵੀ ਹਲਕਾ ਸਮਾਣਾ ਵਿਕਾਸ ਪੱਖੋਂ ਪੱਛੜਿਆ ਹੋਇਆ ਹੈ। ਹਰਿਆਣਾ ਦੀ ਹੱਦ ’ਤੇ ਨਦੀਆਂ-ਨਾਲਿਆਂ ਨਾਲ ਘਿਰੇ ਇਸ ਹਲਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਅਤੇ ਰੇਲਵੇ ਨਾਲ ਜੋੜਨ ਦੇ ਮੁੱਦਿਆਂ ਸਹਾਰੇ ਸਿਆਸੀ ਆਗੂ ਚੋਣਾਂ ਜਿੱਤਦੇ ਰਹੇ ਪਰ ਹਲਕੇ ਵਿੱਚ ਹਾਲਾਤ ਜਿਉਂ ਦੇ ਤਿਉਂ ਹਨ। ਕਿਸੇ ਵੀ ਪਾਰਟੀ ਨੇ ਵਾਅਦੇ ਵਫ਼ਾ ਨਹੀਂ ਕੀਤੇ। ਚੋਣਾਂ ਦੌਰਾਨ ਹਰ ਆਗੂ ਹਲਕੇ ਦੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਦੇ ਵਾਅਦੇ ਕਰਦਾ ਹੈ ਪਰ ਹਰ ਵਾਰ ਮਸਲਾ ਹੱਲ ਨਹੀਂ ਹੁੰਦਾ। ਹੜ੍ਹਾਂ ਕਾਰਨ ਹੁੰਦੇ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਹਲਕਾ ਵਾਸੀਆਂ ਨੂੰ ਕਾਫੀ ਜੱਦੋਜਹਿਦ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੇਲੇ ਹਲਕੇ ਵਿੱਚ ਰੇਲ ਪਟੜੀ ਦਾ ਜਾਲ ਵਿਛਾਉਣ ਦੀ ਗੱਲ ਤੁਰੀ ਸੀ, ਜੋ ਉਨ੍ਹਾਂ ਦੇ ਸੰਸਦ ਮੈਂਬਰ ਵਜੋਂ ਹਟਣ ਨਾਲ ਹੀ ਖ਼ਤਮ ਹੋ ਗਈ।
ਹਲਕੇ ਦੇ ਆਗੂਆਂ ਵੱਲੋਂ ਸਮੇਂ-ਸਮੇਂ ’ਤੇ ਹਲਕੇ ਵਿੱਚ ਕਰੋੜਾਂ ਰੁਪਏ ਵਿਕਾਸ ਕੰਮਾਂ ’ਤੇ ਖਰਚਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਹਲਕੇ ਵਿੱਚ ਤਿੰਨ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਪਸ਼ੂਆਂ ਦੀ ਹਾਲਤ ਮਾੜੀ ਹੈ। ਹਰ ਰੋਜ਼ ਵੱਡੀ ਗਿਣਤੀ ਵਿੱਚ ਪਸ਼ੂ ਬਿਮਾਰੀਆਂ ਕਾਰਨ ਮਰ ਰਹੇ ਹਨ। ਸ਼ਹਿਰ ਵਿਚ ਹੱਡਾ-ਰੋੜੀ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ। ਮਿਨੀ ਸਕੱਤਰੇਤ ਨਾ ਹੋਣ ਕਾਰਨ ਸਰਕਾਰੀ ਦਫ਼ਤਰ ਵੱਖ-ਵੱਖ ਥਾਵਾਂ ’ਤੇ ਹਨ, ਜਿਸ ਕਾਰਨ ਰੋਜ਼ਾਨਾ ਕੰਮ-ਕਾਰ ਕਰਵਾਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ। ਨਗਰ ਕੌਂਸਲ ਦੀ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਸ਼ਹਿਰ ਵਿੱਚ ਨਾ ਸਿਰਫ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਸਗੋਂ ਲਗਾਤਾਰ ਹੁੰਦੇ ਨਾਜਾਇਜ਼ ਕਬਜ਼ਿਆਂ ਕਾਰਨ ਬਾਜ਼ਾਰ ਤੰਗ ਹੁੰਦੇ ਜਾ ਰਹੇ ਹਨ। ਪਾਰਕਿੰਗ ਦੀ ਸਹੀ ਥਾਂ ਨਾ ਹੋਣ ਕਰਕੇ ਆਵਾਜਾਈ ਦੀ ਸਮੱਸਿਆ ਵਿਕਰਾਲ ਰੂਪ ਧਾਰਦੀ ਜਾ ਰਹੀ ਹੈ। ਪਿੰਡ ਫਤਹਿਗੜ੍ਹ ਛੰਨਾ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਹੋਮਿਓਪੈਥਿਕ ਡਿਸਪੈਂਸਰੀ ਸਰਕਾਰੀ ਨਜ਼ਰ ਸਵੱਲੀ ਨਾ ਹੋਣ ਕਾਰਨ ਬੰਦ ਹੋ ਗਈ ਹੈ। ਸਮਾਣਾ ਵਿਚ ਕਾਫੀ ਪੁਰਾਣੀ ਪਸ਼ੂਆਂ ਦੀ ਮੰਡੀ ਹਰ ਮਹੀਨੇ ਲੱਗਦੀ ਹੈ, ਜਿਸ ਵਿੱਚ ਦੂਰ-ਦੁਰਾਡਿਓਂ ਵਪਾਰੀ ਪਸ਼ੂ ਲੈ ਕੇ ਆਉਂਦੇ ਹਨ। ਇਹ ਮੰਡੀ ਪ੍ਰਫੁੱਲਤ ਕਰਨ ਲਈ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ। ਵਪਾਰੀ ਸੜਕ ਦੁਆਲੇ ਹੀ ਪਸ਼ੂ ਮੇਲਾ ਲੱਗਾ ਕੇ ਬਿਨਾਂ ਕੋਈ ਸਹੂਲਤ ਲਏ ਸਰਕਾਰ ਨੂੰ ਫੀਸ ਦੇ ਰਹੇ ਹਨ। ਹਲਕੇ ਦੇ ਜ਼ਿਆਦਾਤਰ ਪਿੰਡਾਂ ਵਿਚ ਛੱਪੜਾਂ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ। ਇਸੇ ਤਰ੍ਹਾਂ ਪਿੰਡ ਲਾਲਗੜ੍ਹ ਤੇ ਸੰਗਤਪੁਰਾ ਵਿੱਚ ਪਹਿਲਾਂ ਤੋਂ ਚੱਲ ਰਹੇ ਪ੍ਰਾਇਮਰੀ ਸਕੂਲ ਸਰਕਾਰ ਵੱਲੋਂ ਧਿਆਨ ਨਾ ਦੇਣ ਕਾਰਨ ਬੰਦ ਹੋ ਗਏ ਹਨ। ਇਨ੍ਹਾਂ ਕਮੀਆਂ ਕਾਰਨ ਹਲਕਾ ਸਮਾਣਾ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣਾ ਹੈ।
ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਸਮਾਣਾ ਨੂੰ ਸਿੱਖਿਆ ਦਾ ਕੇਂਦਰ ਬਣਾਉਣਾ ਉਨ੍ਹਾਂ ਦਾ ਸੁਫ਼ਨਾ ਹੈ, ਜਿਸ ਨੂੰ ਪੂਰਾ ਕਰਨ ਲਈ ਪਿੰਡ ਤਰੌੜਾ ਦੀ ਸ਼ਾਮਲਾਟ ਜ਼ਮੀਨ ’ਤੇ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਬਣਾਏ ਜਾਣ ਦੀ ਤਜਵੀਜ਼ ਹੈ। ਇਸ ਦੀ ਇਮਾਰਤ ਬਣਾਉਣ ਲਈ 150 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸੜਕਾਂ, ਗਲੀਆਂ- ਨਾਲੀਆਂ, ਸੀਵਰੇਜ ਅਤੇ ਵਾਟਰ ਸਪਲਾਈ ਆਦਿ ਵਿਕਾਸ ਕੰਮਾਂ ’ਤੇ 450 ਕਰੋੜ ਰੁਪਏ ਖਰਚੇ ਗਏ ਹਨ।
ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜੇ ਕਾਂਗਰਸੀ ਵਿਧਾਇਕ ਨੇ ਹਲਕੇ ਵਿੱਚ 450 ਕਰੋੜ ਰੁਪਏ ਖਰਚੇ ਹੁੰਦੇ ਤਾਂ ਹਲਕੇ ਦੀ ਨੁਹਾਰ ਬਦਲ ਜਾਣੀ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਚੇਤਨ ਸਿੰਘ ਜੌੜਾਮਾਜਰਾ ਅਨੁਸਾਰ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪਹਿਲਾ ਮੁੱਖ ਮੰਤਰੀ ਝੂਠੀ ਸਹੁੰ ਖਾ ਕੇ ਮੁੱਕਰ ਗਿਆ ਤੇ ਦੂਜਾ ਮੁੱਖ ਮੰਤਰੀ ਸਿਰਫ਼ ‘ਐਲਾਨ ਮੰਤਰੀ’ ਬਣ ਕੇ ਰਹਿ ਗਿਆ ਹੈ।
“ਸੜਕਾਂ, ਗਲੀਆਂ ਤੇ ਵਾਟਰ ਸਪਲਾਈ ਆਦਿ ਵਿਕਾਸ ਕੰਮਾਂ ’ਤੇ 450 ਕਰੋੜ ਰੁਪਏ ਖਰਚੇ।”
-ਰਾਜਿੰਦਰ ਸਿੰਘ, ਕਾਂਗਰਸ |
“ਜੇ ਵਿਧਾਇਕ ਨੇ 450 ਕਰੋੜ ਰੁਪਏ ਖਰਚੇ ਹੁੰਦੇ ਤਾਂ ਹਲਕੇ ਦੀ ਨੁਹਾਰ ਬਦਲ ਜਾਣੀ ਸੀ।”
-ਸੁਰਜੀਤ ਸਿੰਘ ਰੱਖੜਾ, ਅਕਾਲੀ ਦਲ |
“ਕਾਂਗਰਸ ਦਾ ਪਹਿਲਾ ਮੁੱਖ ਮੰਤਰੀ ਝੂਠੀ ਸਹੁੰ ਖਾ ਕੇ ਮੁੱਕਰਿਆ ਤੇ ਦੂਜਾ ਸਿਰਫ਼ ‘ਐਲਾਨ ਮੰਤਰੀ’ ਬਣਿਆ।”
-ਚੇਤਨ ਸਿੰਘ ਜੌੜਾਮਾਜਰਾ, ‘ਆਪ’ |