ਅਟਾਰੀ: ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲੀਸ ਵੱਲੋਂ ਸਾਂਝੀ ਗਸ਼ਤ ਦੌਰਾਨ ਸਰਹੱਦੀ ਚੌਕੀ ਭਰੋਭਾਲ ’ਤੇ ਕੰਡਿਆਲੀ ਤਾਰ ਨੇੜਿਓਂ ਅੱਜ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ। ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਅਤੇ ਪੰਜਾਬ ਪੁਲੀਸ ਦੇ ਜਵਾਨਾਂ ਨੂੰ ਗਸ਼ਤ ਦੌਰਾਨ ਕੰਡਿਆਲੀ ਤਾਰ ਨੇੜਿਓਂ ਚਿੱਟੇ ਰੰਗ ਦਾ ਵੱਡਾ ਲਿਫਾਫ਼ਾ ਮਿਲਿਆ। ਜਵਾਨਾਂ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਇਸ ਵਿੱਚ ਛੁਪਾ ਕੇ ਰੱਖੇ ਹੈਰੋਇਨ ਦੇ ਛੇ ਪੈਕੇਟ ਬਰਾਮਦ ਹੋਏ। ਸੀਮਾ ਸੁਰੱਖਿਆ ਬਲ ਵੱਲੋਂ ਹੈਰੋਇਨ ਜ਼ਬਤ ਕਰ ਕੇ ਪੰਜਾਬ ਪੁਲੀਸ ਘਰਿੰਡਾ ਨਾਲ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। -ਪੱਤਰ ਪ੍ਰੇਰਕ