ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 3 ਜੁਲਾਈ
ਮਖੂ ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ, ਦੋ ਜ਼ਿੰਦਾ ਰੌਂਦ, ਚਾਰ ਦਾਤਰਾਂ ਵੀ ਬਰਾਮਦ ਹੋਈਆਂ ਹਨ। ਮੁਲਜ਼ਮਾਂ ਦੀ ਪਛਾਣ ਫਗਵਾੜਾ ਨਿਵਾਸੀ ਉਂਕਾਰ ਉਰਫ਼ ਗੋਲੂ, ਪ੍ਰਿੰਸ, ਸੁਧੀਰ ਬੱਗਾ ਉਰਫ਼ ਪੱਲੂ, ਮੁਨੀਸ਼, ਰੋਹਿਤ ਵਰਮਾ ਤੇ ਸੁਖਵਿੰਦਰ ਕੁਮਾਰ ਵਜੋਂ ਹੋਈ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਗਰੋਹ ਰਾਹਗੀਰਾਂ ਕੋਲੋਂ ਕਾਰਾਂ ਖੋਹਣ ਅਤੇ ਪੈਟਰੋਲ ਪੰਪ ’ਤੇ ਲੁੁੱਟਾਂ-ਖੋਹਾਂ ਕਰਦਾ ਸੀ ਤੇ ਇਸ ਗਰੋਹ ਦੇ ਮੈਂਬਰ ਇਸ ਇਲਾਕੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਸਨ। ਇਹ ਸੂਚਨਾ ਮਿਲਣ ਮਗਰੋਂ ਸਹਾਇਕ ਥਾਣੇਦਾਰ ਸ਼ਾਮ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਖੰਨਾ ਪਿੰਡ ਨਜ਼ਦੀਕ ਨਾਕਾਬੰਦੀ ਕੀਤੀ ਤੇ ਗਰੋਹ ਮੈਂਬਰਾਂ ਨੂੰ ਕਾਬੂ ਕੀਤਾ। ਪੁਲੀਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਮੁਲਜ਼ਮਾਂ ਕੋਲੋਂ ਹੋਰ ਖੁਲਾਸੇ ਵੀ ਹੋਣਗੇ।