ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਅਗਸਤ
ਸਥਾਨਕ ਸਮਰਾਲਾ ਰੋਡ ’ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ’ਚੋਂ ਬੀਤੀ ਰਾਤ ਚੋਰਾਂ ਨੇ 6 ਲੱਖ ਰੁਪਏ ਦੀਆਂ ਦਵਾਈਆਂ ਚੋਰੀ ਕਰ ਲਈਆਂ। ਚੋਰ ਸੁਰੱਖਿਆ ਮੁਲਾਜ਼ਮ ਨੂੰ ਬੰਧਕ ਬਣਾ ਕੇ ਹਸਪਤਾਲ ਵਿਚ ਪਈ 2 ਲੱਖ ਰੁਪਏ ਦੀ ਨਗਦੀ ਵੀ ਲੈ ਗਏ। ਨਵਕਿਰਨ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਡਾ. ਰਾਕੇਸ਼ ਕਪੂਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਅੱਧੀ ਰਾਤ ਸੁਰੱਖਿਆ ਮੁਲਾਜ਼ਮ ਨੇ ਊਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਕਰੀਬ 2 ਵਜੇ ਤੋਂ ਬਾਅਦ 3-4 ਜਣੇ ਆਏ ਤੇ ਊਸ ਨੂੰ ਬੰਧਕ ਬਣਾ ਕੇ ਹਸਪਤਾਲ ਵਿਚ ਪਈਆਂ ਨਸ਼ਾ ਛੁਡਾਉਣ ਵਾਲੀਆਂ 19,000 ਗੋਲੀਆਂ ਲੈ ਗਏ। ਹਸਪਤਾਲ ਮਾਲਕਾਂ ਅਨੁਸਾਰ ਇਸ ਦਵਾਈ ਦੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਇਹ ਚੋਰ ਅਲਮਾਰੀ ’ਚ ਪਈ 2 ਲੱਖ ਰੁਪਏ ਦੀ ਨਗਦੀ ਵੀ ਲੈ ਗਏ।
ਸ੍ਰੀ ਕਪੂਰ ਨੇ ਦੱਸਿਆ ਕਿ ਹਸਪਤਾਲ ’ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਪਰ ਚੋਰ ਜਾਂਦੇ ਹੋਏ ਇਸ ਦਾ ਡੀ.ਵੀ.ਆਰ. ਵੀ ਨਾਲ ਹੀ ਲੈ ਗਏ। ਜ਼ਿਕਰਯੋਗ ਹੈ ਕਿ ਨਸ਼ਾ ਛੁਡਾਉਣ ਵਾਲੀ ਚੋਰੀ ਹੋਈ ਇਹ ਦਵਾਈ ਆਮ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ ਵਿਚੋਂ ਨਹੀਂ ਮਿਲਦੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਊਨ੍ਹਾਂ ਨੇ ਹਸਪਤਾਲ ਦਾ ਜਾਇਜ਼ਾ ਲਿਆ। ਐੱਸਐੱਚਓ ਅਨੁਸਾਰ ਇਸ ਸਬੰਧੀ ਤਿੰਨ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।