ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 28 ਮਾਰਚ
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਅਬੋਹਰ ਸੈਕਟਰ ਦੇ ਜਲਾਲਾਬਾਦ ਇਲਾਕੇ ਵਿੱਚ ਤਾਇਨਾਤ 2 ਬਟਾਲੀਅਨ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਦੀ ਬੀਓਪੀ ਐੱਨਐੱਸ ਵਾਲਾ ਨੇੜਿਓਂ ਜ਼ੀਰੋ ਲਾਈਨ ਤੋਂ ਚਾਰ ਪੈਕੇਟ ਅਤੇ ਦੋ ਪਲਾਸਟਿਕ ਦੀਆਂ ਬੋਤਲਾਂ ਵਿੱਚ ਕਰੀਬ 6 ਕਿੱਲੋ 150 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਦੇ ਨਾਲ ਹੀ ਇਕ 30 ਬੋਰ ਪਾਕਿਸਤਾਨੀ ਪਿਸਤੌਲ, 97 ਕਾਰਤੂਸ (7.63 ਐੱਮਐੱਮ) ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਫੜੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।