ਸੰਜੀਵ ਹਾਂਡਾ
ਫ਼ਿਰੋਜ਼ਪੁਰ, 28 ਜੁਲਾਈ
ਹੈਰੋਇਨ ਅਤੇ ਡਰੱਗ ਮਨੀ ਦਾ ਝੂਠਾ ਪਰਚਾ ਦਰਜ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਨੂੰ ਅੱਜ ਇਥੇ ਅਦਾਲਤ ਨੇ ਛੇ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮਾਂ ਨੂੰ 3 ਅਗਸਤ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤ ਵੱਲੋਂ ਪੁਲੀਸ ਨੂੰ ਹਦਾਇਤ ਕੀਤੀ ਗਈ ਹੈ ਕਿ ਰਿਮਾਂਡ ਦੀ ਵੀਡੀਓਗ੍ਰਾਫ਼ੀ ਕਰਵਾਈ ਜਾਵੇ ਅਤੇ ਮਜਿਸਟਰੇਟ ਜਾਂ ਤਿੰਨ ਹੋਰ ਸਨਮਾਨਯੋਗ ਸ਼ਖ਼ਸੀਅਤਾਂ ਸਾਹਮਣੇ ਪੁੱਛ-ਪੜਤਾਲ ਕੀਤੀ ਜਾਵੇੇ। ਗ੍ਰਿਫ਼ਤਾਰ ਕੀਤੇ ਗਏ ਏਐੱਸਆਈ ਅੰਗਰੇਜ਼ ਸਿੰਘ, ਏਐੱਸਆਈ ਰਾਜਪਾਲ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਡੀਐੱਸਪੀ (ਡੀ) ਫ਼ਤਹਿ ਸਿੰਘ ਬਰਾੜ ਦੀ ਹਾਜ਼ਰੀ ਵਿਚ ਦਰਜ ਕੀਤਾ ਗਿਆ ਸੀ ਪਰ ਪੁਲੀਸ ਨੇ ਮੁਲਜ਼ਮਾਂ ਨੂੰ ਬਚਾਉਣ ਦੀ ਖ਼ਾਤਰ ਉਲਟਾ ਉਨ੍ਹਾਂ ’ਤੇ ਹੀ ਕੇਸ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਇਸ ਵਿਚ ਕਈ ਵੱਡੇ ਮਗਰਮੱਛ ਫਸ ਜਾਣਗੇ। ਮੁਲਜ਼ਮਾਂ ਦੇ ਵਕੀਲ ਨੇ ਵੀ ਅਦਾਲਤ ਨੂੰ ਕਿਹਾ ਕਿ ਇਹ ਕੇਸ ਬਿਨਾਂ ਕਿਸੇ ਜਾਂਚ, ਨੋਟਿਸ ਜਾਂ ਚਾਰਜਸ਼ੀਟ ਦੇ ਦਰਜ ਕੀਤਾ ਗਿਆ ਹੈ ਤੇ ਜਿਸ ਡੀਐੱਸਪੀ ਦੀ ਹਾਜ਼ਰੀ ਵਿੱਚ ਬਰਾਮਦਗੀ ਕੀਤੀ ਗਈ ਸੀ, ਉਸ ਨੂੰ ਅਜੇ ਤੱਕ ਕੇਸ ਵਿੱਚੋਂ ਬਾਹਰ ਰੱਖਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਏਐੱਸਆਈ ਰਾਜਪਾਲ ਨੂੰ ਵੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਨਾਰਕੋਟਿਕ ਸੈੱਲ ਦਾ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਅਜੇ ਫ਼ਰਾਰ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਪੇਸ਼ੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਏਐੱਸਆਈ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਉਪਰ ਝੂਠਾ ਕੇਸ ਦਰਜ ਕੀਤਾ ਗਿਆ ਹੈ ਤੇ ਕਾਰ ਸਵਾਰ ਵਿਅਕਤੀਆਂ ਕੋਲੋਂ ਕਿੱਲੋ ਹੈਰੋਇਨ ਅਤੇ ਪੰਜ ਲੱਖ ਰੁਪਏ ਦੀ ਡਰੱਗ ਮਨੀ ਡੀਐੱਸਪੀ ਫ਼ਤਹਿ ਸਿੰਘ ਦੀ ਹਾਜ਼ਰੀ ਵਿਚ ਬਰਾਮਦ ਕੀਤੀ ਗਈ ਸੀ। ਰਾਜਪਾਲ ਨੇ ਦੱਸਿਆ ਕਿ ਇਸ ਕੇਸ ਵਿਚ ਲੁਧਿਆਣਾ ਦਾ ਮੋਹਨ ਜੋਸ਼ੀ ਨਾਂ ਦਾ ਮੁਲਜ਼ਮ ਵੀ ਸ਼ਾਮਲ ਸੀ ਪਰ ਸਥਾਨਕ ਡੀਐੱਸਪੀ ਸਿਟੀ ਸੁਰਿੰਦਰ ਪਾਲ ਬਾਂਸਲ ਉਸ ਨੂੰ ਬਚਾਉਣਾ ਚਾਹੁੰਦਾ ਹੈ ਜਿਸ ਕਰਕੇ ਉਨ੍ਹਾਂ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਬਰਖ਼ਾਸਤ ਏਐੱਸਆਈ ਅੰਗਰੇਜ਼ ਸਿੰਘ ਨੇ ਕਿਹਾ ਕਿ ਉਨ੍ਹਾਂ ਉਪਰ ਝੂਠਾ ਕੇਸ ਦਰਜ ਕੀਤਾ ਗਿਆ ਹੈ।