ਗਗਨਦੀਪ ਅਰੋੜਾ
ਲੁਧਿਆਣਾ, 28 ਫਰਵਰੀ
ਇੱਥੋਂ ਨੇੜਲੇ ਪਿੰਡ ਈਸੇਵਾਲ ਦੇ ਸਮੂਹਿਕ ਜਬਰ-ਜਨਾਹ ਮਾਮਲੇ ’ਚ ਤਿੰਨ ਸਾਲ ਬਾਅਦ ਅੱਜ ਜ਼ਿਲ੍ਹਾ ਅਦਾਲਤ ਦੀ ਫਾਸਟ ਟਰੈਕ ਅਦਾਲਤ ਨੇ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਛੇ ਦੋਸ਼ੀਆਂ ਵਿਚ ਇੱਕ ਨਾਬਾਲਗ ਵੀ ਸ਼ਾਮਲ ਹੈ। ਵਿਸ਼ੇਸ਼ ਫਾਸਟ ਟਰੈਕ ਅਦਾਲਤ ਦੀ ਜੱਜ ਰਸ਼ਮੀ ਸ਼ਰਮਾ ਨੇ ਅੱਜ ਬਾਅਦ ਦੁਪਹਿਰ ਆਪਣੇ ਫ਼ੈਸਲੇ ’ਚ ਮੁੱਖ ਮੁਲਜ਼ਮ ਜਗਰੂਪ ਸਿੰਘ ਰੂਪੀ, ਸਾਦਿਕ ਅਲੀ, ਸੈਫ਼ ਅਲੀ, ਸੁਰਮੂ, ਅਜੈ ਉਰਫ਼ ਲੱਲਣ ਤੇ ਇਕ ਨਾਬਾਲਗ ਨੂੰ ਦੋਸ਼ੀ ਕਰਾਰ ਦਿੰਦਿਆਂ 4 ਮਾਰਚ ਨੂੰ ਸਜ਼ਾ ਸੁਣਾਉਣ ਦੇ ਹੁਕਮ ਜਾਰੀ ਕੀਤੇ ਹਨ। ਸਾਰੇ ਦੋਸ਼ੀਆਂ ਨੂੰ ਧਾਰਾ 341, 427, 364-ਏ, 342, 354. 354-ਬੀ, 376 ਡੀ, 411, 379, 411, 34, ਆਈਪੀਸੀ ਤੇ 66 ਈ ਆਈਟੀ ਐਕਟ ’ਚ ਦੋਸ਼ੀ ਕਰਾਰ ਦਿੱਤਾ ਹੈ, ਜਦੋਂ ਕਿ ਧਾਰਾ 397 ਨੂੰ 395 ’ਚ ਤਬਦੀਲ ਕਰ ਦਿੱਤਾ ਗਿਆ ਹੈ।
ਮੁਲਜ਼ਮਾਂ ਨੂੰ ਅੱਜ ਭਾਰੀ ਸੁਰੱਖਿਆ ਹੇਠ ਲੁਧਿਆਣਾ ਕੇਂਦਰੀ ਜੇਲ੍ਹ ’ਚੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਦਕਿ ਜ਼ਮਾਨਤ ’ਤੇ ਚੱਲ ਰਿਹਾ ਮੁੱਖ ਮੁਲਜ਼ਮ ਜਗਰੂਪ ਸਿੰਘ ਰੂਪੀ ਪਰਿਵਾਰ ਸਣੇ ਖੁਦ ਅਦਾਲਤ ਪੱਜ ਗਿਆ। ਅਦਾਲਤ ਵੱਲੋਂ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਜਗਰੂਪ ਸਿੰਘ ਰੂਪੀ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਹੈ। ਕਰੋਨਾ ਕਾਰਨ ਪਿਛਲੀਆਂ ਤਰੀਕਾਂ ’ਤੇ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਕੇਂਦਰੀ ਜੇਲ੍ਹ ’ਚੋਂ ਪੇਸ਼ ਕੀਤਾ ਜਾਂਦਾ ਰਿਹਾ ਸੀ ਪਰ ਅੱਜ ਸਾਰੇ ਮੁਲਜ਼ਮ ਅਦਾਲਤ ’ਚ ਲਿਆਂਦੇ ਗਏ। ਪੀੜਤਾ ਦੇ ਵਕੀਲ ਐਡਵੋਕੇਟ ਹਰਦਿਆਲ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ 4 ਮਾਰਚ ਨੂੰ ਸਾਰੇ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ।
ਫਰਵਰੀ 2019 ਨੂੰ ਥਾਣਾ ਦਾਖਾ ਵਿਚ ਦਰਜ ਹੋਇਆ ਸੀ ਕੇਸ
ਮੁੱਲਾਂਪੁਰ ਦਾਖਾ (ਸੰਤੋਖ ਗਿੱਲ): ਤਿੰਨ ਸਾਲ ਪਹਿਲਾਂ 9 ਫਰਵਰੀ 2019 ਨੂੰ ਵਾਪਰਿਆ ਬਹੁ-ਚਰਚਿਤ ਈਸੇਵਾਲ ਸਮੂਹਿਕ ਜਬਰ-ਜਨਾਹ ਸਬੰਧੀ ਕੇਸ 10 ਫਰਵਰੀ 2019 ਨੂੰ ਥਾਣਾ ਦਾਖਾ ਵਿਚ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਪੀੜਤ ਲੜਕੀ ਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਮੇਤ ਲੁਧਿਆਣਾ ਦੀ ਮਾਰਕੀਟ ਵਿਚ ‘ਚਾਕਲੇਟ ਡੇਅ ਮਨਾਉਣ ਬਾਅਦ ਘੁੰਮਣ ਨਿਕਲੀ ਸੀ। ਜਦੋਂ ਉਹ ਸਿਧਵਾਂ ਨਹਿਰ ਕਿਨਾਰੇ ਜਾ ਰਹੇ ਸੀ ਕਿ ਸਾਊਥ ਸਿਟੀ ਲਾਗੇ ਉਨ੍ਹਾਂ ਦੀ ਕਾਰ ਨੂੰ ਇੱਟਾਂ ਪੱਥਰ ਮਾਰ ਕੇ ਕੁਝ ਗੁੰਡਿਆਂ ਨੇ ਰੋਕ ਲਿਆ ਸੀ। ਬਾਅਦ ਵਿਚ ਉਸੇ ਕਾਰ ਵਿਚ ਉਨ੍ਹਾਂ ਦੋਵਾਂ ਨੂੰ ਪਿਸਤੌਲ ਦੀ ਨੋਕ ’ਤੇ ਅਗਵਾ ਕਰ ਕੇ ਪਿੰਡ ਈਸੇਵਾਲ ਦੇ ਖ਼ਾਲੀ ਪਲਾਟ ਵਿਚ ਲੈ ਗਏ ਅਤੇ ਸਵੇਰੇ ਚਾਰ ਵਜੇ ਤੱਕ ਪੀੜਤ ਨਾਲ ਸਾਰੇ ਮੁਲਜ਼ਮਾਂ ਨੇ ਜਬਰ-ਜਨਾਹ ਕੀਤਾ ਅਤੇ ਦੋਵਾਂ ਨੂੰ ਬੰਨ੍ਹ ਕੇ ਕੁੱਟਮਾਰ ਵੀ ਕੀਤੀ ਸੀ। ਤੜਕਸਾਰ ਬੰਦ-ਖ਼ਲਾਸੀ ਲਈ ਦੋ ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ, ਪਰ ਮੰਗ ਪੂਰੀ ਨਾ ਹੁੰਦੀ ਦੇਖ ਉਨ੍ਹਾਂ ਨੂੰ ਛੱਡ ਕੇ ਭੱਜ ਗਏ। ਮੁਲਜ਼ਮ ਹਫ਼ਤੇ ਵਿਚ ਹੀ ਪੁਲੀਸ ਨੇ ਕਾਬੂ ਕਰ ਕੇ ਦੋ ਮਹੀਨੇ ਦੇ ਅੰਦਰ ਹੀ ਚਲਾਨ ਪੇਸ਼ ਕਰ ਦਿੱਤਾ ਸੀ। ਸਾਲ ਬਾਅਦ ਕੇਸ ਵਿਸ਼ੇਸ਼ ਅਦਾਲਤ ਦੇ ਹਵਾਲੇ ਕਰ ਦਿੱਤਾ ਗਿਆ ਸੀ।