ਪਾਲ ਸਿੰਘ ਨੌਲੀ
ਜਲੰਧਰ, 11 ਮਈ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨ 12 ਮਈ ਨੂੰ ਸਰਹਿੰਦ ਫਤਹਿ ਦਿਵਸ ਮਨਾਉਣਗੇ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਇਸ ਮੌਕੇ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਬਾਬਾ ਬੰਦ ਸਿੰਘ ਬਹਾਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਫਤਹਿ ਦਿਵਸ ਇਕੱਲਾ ਕਿਸਾਨਾਂ ਲਈ ਹੀ ਨਹੀਂ ਸਗੋ ਮਜ਼ਦੂੂਰਾਂ ਤੇ ਗਰੀਬਾਂ ਲਈ ਵੀ ਵੱਡਾ ਦਿਨ ਹੈ ਜਦੋਂ ਬਾਬਾ ਬੰਦ ਸਿੰਘ ਬਹਾਦਰ ਨੇ 1710 ਵਿੱਚ ਇਹ ਸੁਨਹਿਰਾ ਇਤਿਹਾਸ ਸਿਰਜਿਆ ਸੀ।
ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਦਿੱਲੀ ਦੀਆਂ ਹੱਦਾਂ ’ਤੇ ਲੜਿਆ ਜਾ ਰਿਹਾ ਸੰਘਰਸ਼ 6 ਮਹੀਨੇ ਪੂਰੇ ਹੋਣ ਵੱਲ ਵੱਧ ਰਿਹਾ ਹੈ। ਇਸ ਸੰਘਰਸ਼ ਨੇ ਇਨ੍ਹਾਂ ਮਹੀਨਿਆਂ ਵਿੱਚ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਮੋਰਚੇ ਨਾਲ ਇਖ਼ਲਾਕੀ ਤੌਰ ’ਤੇ ਜੋੜੀ ਰੱਖਣ ਦੇ ਮਾਮਲੇ ਵਿੱਚ ਜਿੱਤ ਹਾਸਲ ਕਰ ਕਰ ਲਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਸਾਰੇ ਧਾਰਮਿਕ ਅਤੇ ਕੁਰਬਾਨੀਆਂ ਵਾਲੇ ਸ਼ਹੀਦੀ ਦਿਹਾੜੇ ਮਨਾ ਕੇ ਭਾਜਪਾ ਦੇ ਫਿਰਕੂ ਏਜੰਡੇ ਨੂੰ ਫੇਲ੍ਹ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਕਿਸਾਨ ਆਗੂ ਗੁਰਪਾਲ ਸਿੰਘ ਮੌਲੀ, ਬਲਜੀਤ ਸਿੰਘ ਹਰਦਾਸਪੁਰ ਅਤੇ ਸ਼ਰਨਜੀਤ ਸਿੰਘ ਅਠੌਲੀ ਦਾ ਕਹਿਣਾ ਸੀ ਕਿ ਪੰਜਾਬ ਦੇ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਸਮੇਂ ਸਿਰ ਨਬਿੇੜ ਕੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਉਹ ਫਸਲਾਂ ਨੂੰ ਵੀ ਸੰਭਾਲਣਾ ਜਾਣਦੇ ਹਨ ਤੇ ਮੋਰਚਿਆਂ ਨੂੰ ਵੀ ਸੰਭਾਲ ਰਹੇ ਹਨ।
ਕਿਸਾਨ ਆਗੂ ਨੇ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਦਿੱਲੀ ਦੇ ਸਿੰਘੂ ਬਾਰਡਰ ਲਈ 250 ਗੱਡੀਆਂ ਰਵਾਨਾ ਹੋਈਆਂ ਸਨ ਤੇ ਫਿਲੌਰ, ਲੁਧਿਆਣਾ, ਦੋਰਾਹਾ, ਖੰਨਾ ਤੇ ਰਾਜਪੁਰਾ ਤੱਕ ਕਿਸਾਨਾਂ ਦੀਆਂ ਗੱਡੀਆਂ ਦਾ ਕਾਫਲਾ 2000 ਤੋਂ ਟੱਪ ਗਿਆ ਸੀ। ਇਸ ਕਾਫਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੋਆਬਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਜਮਹੂਰੀ ਕਿਸਾਨ ਸਭਾ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਤੇ ਹੋਰ ਜੱਥੇਬੰਦੀਆਂ ਸ਼ਾਮਿਲ ਸਨ।
ਖੇਤੀ ਕਾਨੂੰਨ ਰੱਦ ਨਾ ਕਰਨ ’ਤੇ ਸਰਕਾਰ ਨੂੰ ਚਿਤਾਵਨੀ
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਚਿਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਨੇ ਜੇਕਰ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਭਾਜਪਾ ਦਾ ਜੋ ਹਾਲ ਪੱਛਮੀ ਬੰਗਾਲ, ਤਾਮਿਲਨਾਡੂ ਤੇ ਕੇਰਲਾ ਵਿੱਚ ਹੋਇਆ ਹੈ, ਉਹੀ ਹਾਲ ਕਿਸਾਨ 2021 ਵਿੱਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਨਗੇ। ਉੱਤਰ ਪ੍ਰਦੇਸ਼ ਵਿੱਚ ਹੋਈਆਂ ਪੰਚਾਇਤ ਚੋਣਾਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਭਾਜਪਾ ਨੂੰ ਵੱਡੀ ਹਾਰ ਦਿੱਤੀ ਹੈ।