ਕੇ.ਪੀ ਸਿੰਘ
ਗੁਰਦਾਸਪੁਰ, 30 ਜੁਲਾਈ
ਇਥੇ ਇੱਕ ਸਿਰਫਿਰੇ ਨੌਜਵਾਨ ਨੇ ਬੀਤੀ ਦੇਰ ਸ਼ਾਮ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਲੜਕੀ ਦੇ ਘਰ ’ਤੇ ਹਮਲਾ ਦਿੱਤਾ। ਇਸ ਦੌਰਾਨ ਬਚਾਅ ਲਈ ਅੱਗੇ ਆਏ ਲੜਕੀ ਦੇ ਪਿਤਾ ਅਤੇ ਭਰਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਅੱਜ ਲੜਕੀ ਦਾ ਵਿਆਹ ਸੀ, ਜਿਸ ਕਾਰਨ ਇਹ ਇਹ ਸਮਾਗਮ ਰੱਦ ਹੋ ਗਿਆ। ਪੀੜਤਾ ਦਾ ਇਲਜ਼ਾਮ ਹੈ ਕਿ ਮੁਲਜ਼ਮ ਉਸ ’ਤੇ ਵਿਆਹ ਲਈ ਦਬਾਅ ਬਣਾ ਰਿਹਾ ਹੈ ਅਤੇ ਨਾਂਹ ਕਰਨ ’ਤੇ ਅਗਵਾ ਕਰਨ ਦੀ ਧਮਕੀ ਦਿੰਦਾ ਹੈ। ਸਿਵਲ ਹਸਪਤਾਲ, ਗੁਰਦਾਸਪੁਰ ਵਿੱਚ ਦਾਖ਼ਲ ਪਿੰਡ ਤਿੱਬੜ ਦੀ 22 ਸਾਲਾ ਪੀੜਤਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਹ ਆਪਣੇ ਸਕੂਲ ਵੱਲੋਂ ਗੁਰਦਾਸਪੁਰ ਦੇ ਸਰਕਾਰੀ ਕਾਲਜ ਵਿੱਚ ਗਣਤੰਤਰ ਦਿਵਸ ਸਮਾਗਮ ਵਿੱਚ ਹਿੱਸਾ ਲੈਣ ਲਈ ਗਈ ਸੀ। ਉੱਥੇ ਉਸ ਦੇ ਪਿੰਡ ਦੇ ਹੀ ਇੱਕ ਨੌਜਵਾਨ ਨੇ ਉਸ ਦੀ ਤਸਵੀਰ ਖਿੱਚ ਲਈ ਸੀ। ਫਿਰ ਉਹ ਸਰਕਾਰੀ ਕਾਲਜ ਦਾਖ਼ਲ ਹੋ ਗਈ, ਜਿੱਥੇ ਨੌਜਵਾਨ ਨੇ ਉਸ ਨੂੰ ਊਹੀ ਤਸਵੀਰ ਦਿਖਾ ਕੇ ਦੋਸਤੀ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਸ ਨੇ ਠੁਕਰਾ ਦਿੱਤਾ। ਉਪਰੰਤ ਮੁਲਜ਼ਮ ਨੇ ਕਈ ਵਾਰ ਪਿਸਤੌਲ ਦਿਖਾ ਕੇ ਦੋਸਤੀ ਲਈ ਮਜਬੂਰ ਕੀਤਾ ਪਰ ਉਹ ਨਾ ਮੰਨੀ। ਲੜਕੀ ਨੇ ਇਲਜ਼ਾਮ ਲਾਇਆ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਜਦੋਂ ਉਹ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਇਸ ਨੌਜਵਾਨ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਉਸ ’ਤੇ ਤੇਜ਼ਾਬ ਸੁੱਟਿਆ ਸੀ, ਜੋ ਉਸ ਦੀ ਬਾਂਹ ਅਤੇ ਲੱਤ ’ਤੇ ਪੈ ਗਿਆ ਸੀ।
ਹਸਪਤਾਲ ਵਿੱਚ ਦਾਖ਼ਲ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਕਤ ਨੌਜਵਾਨ ਦਾ ਮਾਮਾ ਪੁਲੀਸ ਮੁਲਾਜ਼ਮ ਹੈ ਅਤੇ ਮਾਮੇ ਦਾ ਲੜਕਾ ਅਪਰਾਧੀ ਕਿਸਮ ਦਾ ਹੈ। ਇਹ ਲੋਕ ਦੋ ਵਾਰ ਪਹਿਲਾਂ ਵੀ ਉਸ ਦੀ ਬੇਟੀ ਦਾ ਰਿਸ਼ਤਾ ਤੁੜਵਾ ਚੁੱਕੇ ਹਨ ਅਤੇ ਹੁਣ ਅੱਜ (30 ਜੁਲਾਈ) ਨੂੰ ਹੋਣ ਵਾਲਾ ਵਿਆਹ ਵੀ ਟੁੱਟ ਚੁੱਕਿਆ ਹੈ। ਪਰਿਵਾਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਪੂਰਾ ਪਰਿਵਾਰ ਖੁਦਕੁਸ਼ੀ ਕਰ ਲਵੇਗਾ। ਥਾਣਾ ਤਿੱਬੜ ਦੇ ਮੁਖੀ ਕੁਲਵੰਤ ਸਿੰਘ ਮਾਨ ਨੇ ਆਖਿਆ ਕਿ ਪੀੜਤ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ ਅਤੇ ਬਿਆਨਾਂ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਲੜਕੀ ਦੀ ਬਾਂਹ ਅਤੇ ਲੱਤ ’ਤੇ ਤੇਜ਼ਾਬ ਨਾਲ ਹੋਏ ਜ਼ਖ਼ਮਾਂ ਦਾ ਪਤਾ ਲਾਉਣ ਲਈ ਡਾਕਟਰਾਂ ਦੇ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ।