ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 16 ਜੂਨ
ਚੰਡੀਗੜ੍ਹ ਦੇ ਸੈਕਟਰ-27 ਦੇ ਪਾਰਕ ਵਿੱਚ ਪੌਣੇ ਸੱਤ ਸਾਲ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮੁਹਾਲੀ ਵਾਸੀ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦੇ ਪਰਿਵਾਰ ਨੂੰ ਹੁਣ ਇਨਸਾਫ਼ ਮਿਲਣ ਦੀ ਆਸ ਬੱਝ ਗਈ ਹੈ।
ਇਸ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੀ ਕਾਰਜਕਾਰੀ ਚੀਫ਼ ਜਸਟਿਸ ਸਬੀਨਾ ਦੀ ਧੀ ਕਲਿਆਣੀ ਸਿੰਘ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਇੱਥੋਂ ਦੇ ਫੇਜ਼-3ਬੀ2 ਸਥਿਤ ਆਪਣੇ ਨਿਵਾਸ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਪੀ ਸਿੱਧੂ ਦੀ ਮਾਂ ਦੀਪਇੰਦਰ ਕੌਰ ਅਤੇ ਛੋਟੇ ਭਰਾ ਜਿੱਪੀ ਸਿੱਧੂ ਨੇ ਕਿਹਾ ਕਿ ਕਰੀਬ ਪੌਣੇ ਸੱਤ ਸਾਲ ਬਾਅਦ ਕਲਿਆਣੀ ਸਿੰਘ ਦੀ ਗ੍ਰਿਫ਼ਤਾਰੀ ਨਾਲ ਉਨ੍ਹਾਂ ਨੇ ਅੱਧੀ ਲੜਾਈ ਤਾਂ ਜਿੱਤ ਲਈ ਹੈ ਅਤੇ ਹੁਣ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅੱਗੇ ਵੀ ਦਲੇਰੀ ਨਾਲ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਚੱਲੇਗੀ, ਉਦੋਂ ਤੱਕ ਗੁਆਂਢੀ ਸੂਬੇ ਦੀ ਕਾਰਜਕਾਰੀ ਚੀਫ਼ ਜਸਟਿਸ ਨੂੰ ਲੰਮੀ ਛੁੱਟੀ ’ਤੇ ਭੇਜਿਆ ਜਾਵੇ ਤਾਂ ਜੋ ਉਹ ਅਦਾਲਤ ਦੀ ਕਾਰਵਾਈ ਪ੍ਰਭਾਵਿਤ ਨਾ ਕਰ ਸਕੇ। ਸਿੱਪੀ ਦੀ ਮਾਂ ਨੇ ਦੱਸਿਆ ਕਿ ਕਲਿਆਣੀ ਉਸ ਦੇ ਪੁੱਤ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਇਸ ਤੋਂ ਪਹਿਲਾਂ ਸਿੱਪੀ ਇਹ ਜਾਣ ਚੁੱਕਾ ਸੀ ਕਿ ਕਲਿਆਣੀ ਦੇ ਹੋਰਨਾਂ ਮੁੰਡਿਆਂ ਨਾਲ ਵੀ ਕਥਿਤ ਸਬੰਧ ਹਨ। ਇਸ ਕਾਰਨ ਸਿੱਪੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਜੱਜ ਦੀ ਧੀ ਨੂੰ ਵਿਆਹ ਤੋਂ ਜਵਾਬ ਦੇ ਦਿੱਤਾ ਸੀ ਜਿਸ ਕਾਰਨ ਸਿੱਪੀ ਦਾ ਕਤਲ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਵਿੱਚ ਕਲਿਆਣੀ ਦੇ ਪਰਿਵਾਰ ਦੇ ਬਾਕੀ ਮੈਂਬਰ ਅਤੇ ਹੋਰ ਜਾਣਕਾਰ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਵੀ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 18 ਸਤੰਬਰ 2015 ਨੂੰ ਸਿੱਪੀ ਸਿੱਧੂ ਕੈਨੇਡਾ ਤੋਂ ਵਾਪਸ ਆਇਆ ਸੀ ਅਤੇ ਦੋ ਦਿਨ ਬਾਅਦ ਕਲਿਆਣੀ ਨੇ ਉਸ ਨੂੰ ਚੰਡੀਗੜ੍ਹ ਵਿੱਚ ਮਿਲਣ ਲਈ ਬੁਲਾਇਆ ਸੀ।