ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 18 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕਾਰੋਬਾਰੀਆਂ ਅਤੇ ਉਦਯੋਪਤੀਆਂ ਲਈ ਈ- ਗਵਰਨਮੈਂਟ ਤਹਿਤ ਸਿੰਗਲ ਵਿੰਡੋ ਵਿਵਸਥਾ ਲਾਗੂ ਕਰੇਗੀ ਤਾਂ ਕਿ ਕਾਰੋਬਾਰ ਅਤੇ ਉਦਯੋਗ ਸਥਾਪਤ ਕਰਨ ’ਚ ਆ ਰਹੀਆਂ ਮੁਸ਼ਕਲਾਂ ਸੌਖੇ ਤਰੀਕੇ ਹੱਲ ਹੋ ਸਕਣ। ਇਸ ਸਬੰਧ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲੋਕ ਸਭਾ ਹਲਕੇ ਦੇ ਵਪਾਰੀਆਂ ਅਤੇ ਉਦਯੋਪਤੀਆਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਸਿੰਗਲ ਵਿੰਡੋ ਸਿਸਟਮ ਲਾਗੂ ਹੋਣ ਨਾਲ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਸੌਖੇ ਤੇ ਪਾਰਦਰਸ਼ੀ ਤਰੀਕੇ ਨਾਲ ਐਨਓਸੀ ਸਮੇਤ ਹੋਰ ਮਨਜ਼ੂਰੀਆਂ ਪ੍ਰਾਪਤ ਕਰ ਸਕਣਗੇ। ਇਸ ਨਾਲ ਸੂਬੇ ’ਚ ਕਾਰੋਬਾਰ ਸਥਾਪਤ ਕਰਨ ’ਚ ਆਸਾਨੀ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪਛੜੇ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਸੰਗਰੂਰ ਨੂੰ ਪੰਜਾਬ ਦਾ ਰੋਲ ਮਾਡਲ ਜ਼ਿਲ੍ਹਾ ਬਣਾਇਆ ਜਾਵੇਗਾ।
ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੀਟਿੰਗ
ਬਰਨਾਲਾ (ਖੇਤਰੀ ਪ੍ਰਤੀਨਿਧ): ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਹਲਕੇ ਵਿਚ ਸਮਾਰਟ ਵਿੱਦਿਅਕ ਸੰਸਥਾਵਾਂ ਅਤੇ ਉੱਚ ਪੱਧਰੀ ਸਹੂਲਤਾਂ ਵਾਲੇ ਹਸਪਤਾਲ ਲਿਆਉਣ ਦਾ ਦਾਅਵਾ ਕਰਦਿਆਂ ਹਲਕਾ ਸੰਗਰੂਰ ਨੂੰ ਸੂਬੇ ਦਾ ‘ਮਾਡਲ ਹਲਕਾ’ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਥੋਂ ਦੇ ਮੈਰਿਜ ਪੈਲੇਸ ਵਿਚ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮਿਲਣੀ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਵਿੱਚ 6000 ਏਕੜ ਪੰਚਾਇਤੀ ਜ਼ਮੀਨ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ ਤੇ ਰਾਜ ਭਰ ਵਿੱਚ 60,000 ਏਕੜ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਲਈ ਪ੍ਰਭਾਵਸ਼ਾਲੀ ਲੋਕਾਂ ਖਿਲਾਫ ਜਲਦੀ ਹੀ ਮੁਹਿੰਮ ਚਲਾਈ ਜਾਵੇਗੀ।