ਬੀਰਬਲ ਰਿਸ਼ੀ
ਸ਼ੇਰਪੁਰ, 13 ਜੂਨ
ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੱਜ ਲੋਕ ਘੋਲਾਂ ਦੇ ਸਿਰਮੌਰ ਆਗੂ ਕਾਮਰੇਡ ਸੁਖਦੇਵ ਬੜੀ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ੇਰਪੁਰ-ਬੜੀ ਸੜਕ ਅਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ‘ਕਾਮਰੇਡ ਸੁਖਦੇਵ ਬੜੀ’ ਦੇ ਨਾਂ ’ਤੇ ਰੱਖਣ ਅਤੇ ਸਰਕਾਰੀ ਸਕੂਲ ਵਿੱਚ ਕਮਰੇ ਦੀ ਉਸਾਰੀ ਸਬੰਧੀ ਆਏ ਸੁਝਾਅ ਦੇ ਮੱਦੇਨਜ਼ਰ ਪੰਚਾਇਤ ਜੋ ਵੀ ਮਤਾ ਪਾ ਕੇ ਭੇਜੇਗੀ, ਉਸੇ ਮੰਗ ਨੂੰ ਕਾਮਰੇਡ ਦੀ ਬਰਸੀ ਤੋਂ ਪਹਿਲਾਂ-ਪਹਿਲਾਂ ਅਮਲ ਵਿੱਚ ਲਿਆਂਦਾ ਜਾਵੇਗਾ। ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਨੇ ਨੌਜਵਾਨਾਂ ਵੱਲੋਂ ਲਾਇਬਰੇਰੀ ਬਣਾਏ ਜਾਣ ਸਬੰਧੀ ਤਜਵੀਜ਼ ਵੀ ਮੰਤਰੀ ਅੱਗੇ ਰੱਖੀ।
ਆਰਐੱਮਪੀਆਈ ਦੇ ਪ੍ਰਧਾਨ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਤਿਹਾਸ ਹਾਕਮਾਂ ਨਾਲ ਸਮਝੌਤੇ ਕਰਕੇ ਨਹੀਂ, ਸਗੋਂ ਟੱਕਰ ਲੈ ਕੇ ਹੀ ਸਿਰਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਮਰੇਡ ਬੜੀ ਨੇ ਦਹਾਕਿਆਂ ਬੱਧੀ ਨਿਜ਼ਾਮ ਨਾਲ ਟੱਕਰ ਲਈ ਅਤੇ ਆਸ ਕਰਦੇ ਹਾਂ ਕਿ ਉਨ੍ਹਾਂ ਦੇ ਚਾਹੁਣ ਵਾਲੇ ਵੀ ਸਥਾਪਤੀ ਨਾਲ ਸਮਝੌਤਾ ਨਹੀਂ ਕਰਨਗੇ।
ਇਸ ਮੌਕੇ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਕਾਮਰੇਡ ਨਰਾਇਣ ਦੱਤ, ਸੀਪੀਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਕੁਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਮੇਜਰ ਸਿੰਘ ਪੁੰਨਾਵਾਲ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਵਿਧਾਇਕ ਕੁਲਵੰਤ ਪੰਡੌਰੀ, ਸੀਨੀਅਰ ਵਕੀਲ ਜਗਮੇਲ ਸਿੰਘ ਟਿੱਬਾ, ਮੁਲਾਜ਼ਮ ਨੇਤਾ ਸੁੱਚਾ ਸਿੰਘ ਖੱਟੜਾ, ਲੋਕ ਮੰਚ ਦੇ ਸੂਬਾਈ ਆਗੂ ਨਿਸ਼ਾਨ ਸਿੰਘ ਕਲਿਆਣ, ਪਸਸਫ਼ ਦੇ ਸਤੀਸ਼ ਰਾਣਾ ਤੇ ਕਰਮਜੀਤ ਬੀਹਲਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਜੀਟੀਯੂ ਦੇ ਸੂਬਾਈ ਆਗੂ ਫਕੀਰ ਚੰਦ, ਮਾਸਟਰ ਬੱਗਾ ਸਿੰਘ, ਲੇਬਰ ਵੈੱਲਫ਼ੇਅਰ ਬੋਰਡ ਦੇ ਚੇਅਰਮੈਨ ਹਰੀ ਸਿੰਘ ਟੌਹੜਾ, ਸਿੱਖ ਬੁੱਧੀਜੀਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਪਰਮਜੀਤ ਕੁਠਾਲਾ, ਸਾਹਿਤਕਾਰ ਸੁਖਦੇਵ ਔਲਖ, ਧਾਰਮਿਕ ਸ਼ਖ਼ਸੀਅਤ ਸੰਤ ਸੁਖਵਿੰਦਰ ਟਿੱਬਾ, ਸੀਪੀਐੱਮ ਆਗੂ ਭੂਪ ਚੰਦ ਚੰਨੋ, ਡੀਵਾਈਐੱਫਆਈ ਦੇ ਵਰਿੰਦਰ ਕੌਸ਼ਿਕ, ਆਪ ਆਗੂ ਡਾ. ਅਨਵਰ ਭਸੌੜ, ਨੌਜਵਾਨ ਆਗੂ ਜਗਵੀਰ ਜੱਗੀ ਖੇੜੀ, ਸਾਬਕਾ ਸਰਪੰਚ ਸ਼ਿਵਦੇਵ ਛੰਨਾ, ਬੀਕੇਯੂ ਡਕੌਂਦਾ ਦੇ ਬਲਵੰਤ ਛੰਨਾ, ਐੱਸਡੀਓ ਸੁਖਚੈਨ ਸਿੰਘ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਯੂਐਸਏ ਤੋਂ ਕਾਮਰੇਡ ਬੜੀ ਦੇ ਸ਼ਗਿਰਦ ਜੁਗਿੰਦਰ ਨਾਗ ਤੋਂ ਇਲਾਵਾ ਕੁੱਝ ਹੋਰਨਾਂ ਨੇ ਯਾਦਗਾਰ ਲਈ ਫੰਡ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਸ਼ੇਰਪੁਰ ਦੇ ਫੋਟੋਗ੍ਰਾਫ਼ਰ ਭਰਾਵਾਂ ਸੁਨੀਲ ਹੈਪੀ ਅਤੇ ਸਤਿੰਦਰ ਹਨੀ ਹੁਰਾਂ ਨੇ ਬੂਟਿਆਂ ਦਾ ਲੰਗਰ ਲਗਾਇਆ।