ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਦਸੰਬਰ
ਪੰਜਾਬ ਦੇ ਗਾਇਕ ‘ਕਿਸਾਨੀ ਘੋਲ’ ’ਚ ਜੋਸ਼ ‘ਤੇ ਜਜ਼ਬਾ ਭਰਨ ਲਈ ਦਿੱਲੀ ਨੂੰ ਵੰਗਾਰ ਰਹੇ ਹਨ। ਪੰਜਾਬੀ ਗਾਇਕੀ ‘ਚ ਦਿੱਲੀ ਹੁਣ ਰੋਹ ਦਾ ਪ੍ਰਤੀਕ ਬਣ ਗਈ ਹੈ। ਦਰਜਨਾਂ ਗੀਤ ਇਨ੍ਹਾਂ ਦਿਨਾਂ ‘ਚ ਦਿੱਲੀ ਨੂੰ ਲਲਕਾਰ ਪਾਉਣ ਵਾਲੇ ਗੂੰਜ ਰਹੇ ਹਨ। ਗਾਇਕੀ ਨੂੰ ਹੁਣ ਇਨਕਲਾਬੀ ਮੋੜਾ ਪਿਆ ਹੈ ਜਿਸ ਨੇ ਪੰਜਾਬੀ ਗਾਇਕਾਂ ‘ਤੇ ਲੱਗੇ ਕਈ ਦਾਗ ਵੀ ਧੋ ਸੁੱਟੇ ਹਨ। ਸੋਸ਼ਲ ਮੀਡੀਆ ’ਤੇ ਇਨ੍ਹਾਂ ਗੀਤਾਂ ਦੀ ਧੁੰਮ ਪੈ ਰਹੀ ਹੈ। ਅੰਨਦਾਤੇ ਬਾਰੇ ਲਿਖੇ ਤੇ ਗਾਏ ਗੀਤਾਂ ਦੀ ਕੋਈ ਗਿਣਤੀ ਹੀ ਨਹੀਂ। ਕੰਵਰ ਗਰੇਵਾਲ ਦਾ ਗੀਤ ‘ਐਲਾਨ’ ਤਾਂ ਵਿਆਹਾਂ ‘ਚ ਵੀ ਗੂੰਜਣ ਲੱਗਾ ਹੈ। ‘ਕੋਈ ਖੰਡਾਂ ਤਿੱਖਾ, ਕੋਈ ਕਿਰਪਾਨ ਕਰੂਗਾ/ਤੈਨੂੰ ਦਿੱਲੀਏ ‘ਕੱਠ ਪ੍ਰੇਸ਼ਾਨ ਕਰੂਗਾ’, ਇਹ ਗੀਤ ਯੂ ਟਿਊਬ ‘ਤੇ 28.91 ਲੱਖ ਲੋਕ ਵੇਖ ਤੇ ਸੁਣ ਚੁੱਕੇ ਹਨ। ਇਵੇਂ ਹੀ ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਗੀਤ 42.85 ਲੋਕ ਯੂ ਟਿਊਬ ‘ਤੇ ਵੇਖ ਚੁੱਕੇ ਹਨ ਜਿਸ ਦੇ ਬੋਲ ਹਨ, ‘ਵੇਲਾ ਆ ਗਿਆ ਜਾਗ ਕਿਸਾਨਾਂ, ਦੇ ਸਿਸਟਮ ਦੇ ਹਲਕ ਵਿਚ ਫਾਨਾ/ਖੇਤ ਤੇਰੇ ਨੇ ਖੋਹਣ ਨੂੰ ਫਿਰਦੇ, ਜੋ ਤੂੰ ਪੱਧਰ ਕੀਤੇ ਐਂਟਰ ਨਾਲ/ਪੇਚਾ ਪੈ ਗਿਆ ਸੈਂਟਰ ਨਾਲ। ਗਾਇਕ ਹਰਭਜਨ ਮਾਨ ਦਾ ਗੀਤ ‘ਹੱਕ’ ਕਾਫੀ ਮਕਬੂਲ ਹੋ ਗਿਆ ਹੈ। ਹਰਵਿੰਦਰ ਤਤਲਾ ਦੇ ਲਿਖੇ ਇਸ ਗੀਤ ਦੇ ਬੋਲ ਹਨ, ‘ਕਾਫਲੇ ਤੂਫਾਨ ਵਾਂਗ ਚੜ੍ਹੇ ਆਉਂਦੇ ਨੇ, ਅੱਕੇ ਹੋਏ ਰੋਹ ਨਾਲ ਭਰੇ ਆਉਂਦੇ ਨੇ/ਮਹਿਲਾਂ ਵਿਚੋਂ ਨਿਕਲ ਕੇ ਤੱਕ ਦਿੱਲੀਏ, ਮੁੜਦੇ ਨਹੀਂ ਲਏ ਬਿਨਾਂ ਹੱਕ ਦਿੱਲੀਏ। ਹਰਭਜਨ ਮਾਨ ਦਾ ਗੀਤ ‘ਅੰਨਦਾਤਾ’ ਵੀ ਕਿਸਾਨਾਂ ਦੀ ਬਾਤ ਪਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਦੀ ਲੈਕਚਰਾਰ ਡਾ. ਸਿਮਰਜੀਤ ਕੌਰ ਦਾ ਗੀਤ ‘ਦਿੱਲੀ ਘੇਰਨ ਚੱਲੇ’ ਕਿਸਾਨ ਇਕੱਠਾਂ ਦੇ ਮੂੰਹ ‘ਤੇ ਚੜ੍ਹ ਗਿਆ ਹੈ, ਜਿਸ ਦੇ ਬੋਲ, ‘ ਨਾ ਕਰ ਤੜੀਆਂ, ਛੱਡ ਦੇ ਅੜੀਆਂ/ਲੋਕ ਨਿਹੱਥੇ, ਹੋ ਕੇ ‘ਕੱਠੇ, ਦਿੱਲੀ ਘੇਰਨ ਚੱਲੇ।’ ਇਹ ਗੀਤ ਸੋਸ਼ਲ ਮੀਡੀਆ ’ਤੇ ਕਾਫੀ ਮਕਬੂਲ ਹੋਣ ਲੱਗਾ ਹੈ। ਗਾਇਕ ਗੁਰਬਿੰਦਰ ਬਰਾੜ ਦਾ ਗੀਤ ‘ਦਿੱਲੀਏ’ ਵੀ ਨੌਜਵਾਨਾਂ ‘ਚ ਜਨੂੰਨ ਭਰ ਰਿਹਾ ਹੈ, ਜਿਸ ਦੇ ਬੋਲ ਹਨ,’ਜਦੋਂ ਜਦੋਂ ਕਰੇਗੀ ਖਰਾਬ ਦਿੱਲੀਏ, ਤੇਰੀ ਹਿੱਕ ਉੱਤੇ ਨੱਚੇਗਾ ਪੰਜਾਬ ਬੱਲੀਏ।’ ‘ਖੇਤਾਂ ਦੇ ਪੁੱਤ ਜਾਗ ਪਏ ਨੇ’ ਦਾ ਗੀਤਕਾਰ ਮਨਪ੍ਰੀਤ ਟਿਵਾਣਾ ਆਖਦਾ ਹੈ ਕਿ ਕਿਸਾਨ ਅੰਦੋਲਨ ਨੇ ਗੀਤਕਾਰੀ ਨੂੰ ਨਵਾਂ ਮੋੜਾ ਦਿੱਤਾ ਹੈ ਜੋ ਹਮੇਸ਼ਾਂ ਲੋਕ ਚੇਤਿਆਂ ਵਿਚ ਵਸੇ ਰਹਿਣਗੇ। ਗਾਇਕ ਰਾਜਵੀਰ ਜਵੰਧਾ ਦਾ ਗੀਤ ‘ਸੁਣ ਦਿੱਲੀਏ’ ਦੇ ਬੋਲ ਧਮਕ ਪਾਉਂਦੇ ਹਨ, ‘ਤੇਰੇ ਮਨ ਵਿਚ ਨਾ ਰਹਿ ਜਾਏ, ਕੋਈ ਸ਼ੱਕ ਦਿੱਲੀਏ, ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ।’ ਨਿੰਜਾ ਤੇ ਜੱਸੀ ਦਾ ਗਾਣਾ ‘ ਜਾਂਦੇ ਫਾਰਦੇ ਫਰਾਟੇ,ਫੋਰਡ ਦਿੱਲੀ ਵੱਲ ਨੂੰ, ਕਾਫੀ ਚੱਲ ਰਿਹਾ ਹੈ। ਗਾਇਕ ਜਗਨ ਖਾਈ ਦਾ ‘ਦਿੱਲੀ ਦੇ ਬਰਾਤੀ’ ਤੋਂ ਇਲਾਵਾ ਕਰਨ ਸੰਧਾਂਵਾਲੀਏ ਦਾ ‘ਆਜਾ ਦਿੱਲੀਏ’ ਵੀ ਸੋਸ਼ਲ ਮੀਡੀਆ ‘ਤੇ ਘੁੰਮ ਰਿਹਾ ਹੈ। ਵੱਡੇ ਚਰਚੇ ਹਨ ਕਿ ਗੁਰਦਾਸ ਮਾਨ ਨੇ ਕਿਸਾਨੀ ਘੋਲ ਨੂੰ ਲੈ ਕੇ ਕੋਈ ਗੀਤ ਨਹੀਂ ਗਾਇਆ ਹੈ। ਦਿੱਲੀ ਦੇ ਕਿਸਾਨ ਘੋਲ ਵਿਚ ਗੁਰਦਾਸ ਮਾਨ ਜ਼ਰੂਰ ਪੁੱਜੇ ਹਨ ਪ੍ਰੰਤੂ ਉਨ੍ਹਾਂ ਵੱਲੋਂ ਕਿਸਾਨੀ ਦੇ ਹੱਕ ਵਿਚ ਆਪਣੀ ਗਾਇਕੀ ਜ਼ਰੀਏ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ ਗਿਆ ਹੈ। ਹਾਲਾਂਕਿ ਪੰਜਾਬ ਅਤੇ ਮਾਂ ਬੋਲੀ ਨੇ ਗੁਰਦਾਸ ਮਾਨ ਨੂੰ ਵੱਡਾ ਮੁਕਾਮ ਦਿੱਤਾ ਹੈ।