ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸ਼ਹਿਣਾ/ਬਰਨਾਲਾ/ਮਹਿਲ ਕਲਾਂ, 9 ਜੂਨ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਹਿਲਾਂ ਕਾਂਗਰਸ ਨੇ ਸੂਬੇ ਦੇ ਪੰਜ ਸਾਲ ਭ੍ਰਿਸ਼ਟਾਚਾਰ ਕਰ ਕੇ ਬਰਬਾਦ ਕਰ ਦਿੱਤੇ ਅਤੇ ਸੂਬੇ ਦਾ ਵਿਕਾਸ ਵੀ ਨਹੀਂ ਕੀਤਾ। ਹੁਣ ‘ਆਪ’ ਸਰਕਾਰ ਪੰਜ ਸਾਲ ਹੋਰ ਬਰਬਾਦ ਕਰ ਦੇਵੇਗੀ ਕਿਉਂਕਿ ਪੰਜਾਬ ਵਿੱਚ ਕੇਜਰੀਵਾਲ ਦਾ ਹੀ ਏਜੰਡਾ ਚੱਲਦਾ ਹੈ ਤੇ ਪੰਜਾਬ ਦੇ ਡੀਸੀ, ਐੱਸਐੱਸਪੀ ਸਿੱਧੇ ਕੇਜਰੀਵਾਲ ਨੂੰ ਰਿਪੋਰਟ ਕਰਦੇ ਹਨ। ਉਨ੍ਹਾਂ ਸੁਖਪੁਰਾ ਦੇ ਪੈਲੇਸ ਵਿੱਚ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਮਰਨਜੀਤ ਸਿੰਘ ਮਾਨ ਕੋਲ ਗਏ ਸਨ ਤੇ ਅਪੀਲ ਕੀਤੀ ਸੀ ਕਿ ਇੱਕ ਵਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਚੋਣ ਨਾ ਲੜਨ ਅਤੇ ਬੀਬੀ ਕਮਲਦੀਪ ਕੌਰ ਨੂੰ ਬੰਦੀ ਪਰਿਵਾਰਾਂ ਵੱਲੋਂ ਸਾਂਝਾ ਉਮੀਦਵਾਰ ਐਲਾਨਦੇ ਹਾਂ ਪਰ ਉਹ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਬੀਬੀ ਕਮਲਦੀਪ ਕੌਰ ਦੀ ਜਿੱਤ ਨਾਲ ਕੇਂਦਰ ਨੂੰ ਸਿੱਧਾ ਸੁਨੇਹਾ ਜਾਊ ਕਿ ਪੰਜਾਬ ਦੇ ਲੋਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਮੁੱਠ ਹਨ। ਸ੍ਰੀ ਬਾਦਲ ਨੇ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਵਿੱਚ ਸਭ ਤੋਂ ਵੱਡਾ ਅੜਿੱਕਾ ਕੇਜਰੀਵਾਲ ਹੈ। ਇਸ ਸਬੰਧੀ ਸੱਤ ਮਹੀਨੇ ਤੋਂ ਫਾਈਲ ਕੇਜਰੀਵਾਲ ਕੋਲ ਪਈ ਹੈ। ਇਸ ਦੇ ਬਾਵਜੂਦ ਕੇਜਰੀਵਾਲ ਪੰਜਾਬ ਹਿਤੈਸ਼ੀ ਹੋਣ ਦਾ ਢੌਂਗ ਰਚ ਰਿਹਾ ਹੈ।
ਕਮਲਦੀਪ ਕੌਰ ਨੇ ਕਿਹਾ ਕਿ ਉਸ ਨੇ ਆਪਣੇ ਭਰਾ ਦੇ 25 ਸਾਲ ਜੇਲ੍ਹ ਵਿੱਚ ਰਹਿਣ ਦਾ ਦਰਦ ਹੰਢਾਇਆ ਹੈ। ਇਸ ਕਰ ਕੇ ਕੌਮ ਉਸ ਨੂੰ ਇੱਕ ਮੌਕਾ ਜ਼ਰੂਰ ਦੇਵੇ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ, ਹਰਪਾਲ ਸਿੰਘ ਜੁਨੇਜਾ, ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ, ਗਗਨਦੀਪ ਸਿੰਗਲਾ, ਹਰਜਿੰਦਰ ਸਿੰਘ ਬਿੱਲੂ ਮੌਜੂਦ ਸਨ। ਇਸੇ ਦੌਰਾਨ ਬਰਨਾਲਾ ਵਿੱਚ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮੱਤਭੇਦ ਭੁਲਾ ਕੇ ਪਿਛਲੇ ਦੋ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮੁਹੱਈਆ ਕਰਵਾਉਣ। ਉਨ੍ਹਾ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਸਖ਼ਤ ਸਟੈਂਡ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲਾਉਣ ਤੋਂ ਰੋਕਿਆ। ਅਕਾਲੀ ਦਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ਵੀ ਯਕੀਨੀ ਬਣਾਈ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਸਿਰਫ ਉਨ੍ਹਾਂ ਦੇ ਪਿਤਾ ਦੇ ਸਸਕਾਰ ਮੌਕੇ ਕੁਝ ਘੰਟਿਆਂ ਦੀ ਪੈਰੋਲ ਦਿੱਤੀ ਗਈ ਤੇ 28 ਸਾਲਾਂ ਤੋਂ ਕੋਈ ਪੈਰੋਲ ਨਹੀਂ ਦਿੱਤੀ ਗਈ।
ਇਸੇ ਦੌਰਾਨ ਮਹਿਲ ਕਲਾਂ ਵਿੱਚ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲੜ ਰਹੀ ਪੰਥਕ ਜਥੇਬੰਦੀਆਂ ਦੀ ਸਾਂਝੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਇਥੋਂ ਦੇ ਪੈਲੇਸ ਵਿਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਿੱਖ ਕਤਲੇਆਮ ਦੇ ਦੋਸ਼ੀ ਸ਼ਰ੍ਹੇਆਮ ਆਜ਼ਾਦ ਘੁੰਮ ਰਹੇ ਹਨ ਜਦਕਿ ਦੂਜੇ ਪਾਸੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਅੱਜ ਵੀ ਜੇਲ੍ਹਾਂ ਵਿਚ ਨਜ਼ਰਬੰਦ ਹਨ। ਇਸ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ, ਬੰਟੀ ਰੋਮਾਣਾ, ਰੋਜ਼ੀ ਬਰਕੰਦੀ ਹਾਜ਼ਰ ਸਨ।