ਦਵਿੰਦਰ ਸਿੰਘ ਭੰਗੂ
ਰਈਆ, 3 ਅਗਸਤ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਅੱਜ ਪਿੰਡ ਮੁੱਛਲ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਅਫ਼ਸੋਸ ਪ੍ਰਗਟ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਮਾਫ਼ੀਆ ਵੱਲੋਂ ਨਸ਼ਿਆਂ ਦੇ ਸਿਰ ’ਤੇ ਬਣਾਈਆਂ ਗਈਆਂ ਜਾਇਦਾਦਾਂ ਵੇਚ ਕੇ ਪੀੜਤ ਪਰਿਵਾਰਾਂ ਨੂੰ ਦਿੱਤੀਆਂ ਜਾਣ ਤਾਂ ਜੋ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ। ਉਨ੍ਹਾਂ ਕਿਹਾ ਕਿ ਐੱਸਆਈਟੀ ਤੇ ਜੁਡੀਸ਼ਰੀ ਜਾਂਚ ਨਾਲ ਸਿਰਫ਼ ਪਰਦਾ ਰੱਖਿਆ ਜਾਂਦਾ ਹੈ ਇਨਸਾਫ਼ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ-ਭਾਜਪਾ ਸੱਤਾ ਵਿੱਚ ਆ ਕੇ ਖ਼ਰਾਬ ਸਿਸਟਮ ਨੂੰ ਦਰੁਸਤ ਨਹੀਂ ਕਰਦੇ ਸਗੋਂ ਇਕ-ਦੂਜੇ ਨਾਲ ਆਪਣੇ ਬਿਆਨ ਅਦਲਾ ਬਦਲੀ ਕਰਨ ਨੂੰ ਹੀ ਤਰਜੀਹ ਦਿੰਦੇ ਹਨ। ਪੰਜਾਬ ਵਾਸੀਆਂ ਨੂੰ ਮੂੁਰਖ ਬਣਾਉਣ ਲਈ ਕਾਂਗਰਸੀ ਤੇ ਅਕਾਲੀਆਂ ਨੇ ਬਿਆਨ ਉਧਾਰ ਲਏ ਹੋਏ ਹਨ।
ਸ੍ਰੀ ਬੈਂਸ ਨੇ ਕਿਹਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਾੜਾਂ ਵਿੱਚ ਇਕਾਂਤਵਾਸ ਹੋ ਕੇ ਇਸ ਮੁੱਦੇ ’ਤੇ ਰਾਜਨੀਤੀ ਨਾ ਕਰਨ ਦੀਆਂ ਨਸੀਹਤਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਹਨ ਕਿ ਪਿਛਲੇ ਦੋ ਤਿੰਨ ਦਿਨਾਂ ਦੌਰਾਨ ਪੰਜਾਬ ਵਿੱਚ ਹੋਣ ਵਾਲੀਆਂ ਸੈਂਕੜੇ ਮੌਤਾਂ ਕਿਸੇ ਕੁਦਰਤੀ ਆਫ਼ਤ ਕਾਰਨ ਨਹੀਂ ਸਗੋਂ ਸਰਕਾਰੀ ਮਸ਼ੀਨਰੀ ਤੇ ਹਲਕਾ ਵਿਧਾਇਕਾਂ ਵੱਲੋਂ ਅਕਾਲੀਆਂ ਨਾਲ ਕੀਤੇ ਡਰੱਗ ਸਮਝੌਤਿਆਂ ਕਾਰਨ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀ ਸੰਭਾਲ ਲਈ ਸਰਕਾਰ ਨੂੰ ਇਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ ਅਤੇ ਇਸ ਦੀ ਭਰਪਾਈ ਡਰੱਗ ਤਸਕਰਾਂ ਤੇ ਇਸ ਮਾਮਲੇ ਨਾਲ ਸਬੰਧਤ ਪੁਲੀਸ ਤੇ ਐਕਸਾਈਜ਼ ਅਫ਼ਸਰਾਂ ਦੀਆਂ ਜਾਇਦਾਦਾਂ ਕੁਰਕ ਕਰ ਕੇ ਕਰਨੀ ਚਾਹੀਦੀ ਹੈ।
ਪੰਥਕ ਤਾਲਮੇਲ ਸੰਗਠਨ ਨੇ ਮੌਤਾਂ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ (ਪੱਤਰ ਪ੍ਰੇਰਕ): ਸਿੱਖ ਸੰਸਥਾਵਾਂ ਅਤੇ ਵਿਚਾਰਵਾਨਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸੂਬੇ ਅੰਦਰ ਜ਼ਹਿਰੀਲੀ ਸ਼ਰਾਬ ਕਾਰਨ ਸੈਂਕੜੇ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ ਹੈ। ਸੰਗਠਨ ਕਨਵੀਨਰ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਦੇ ਗਿਆਨੀ ਕੇਵਲ ਸਿੰਘ ਨੇ ਮੰਗ ਕੀਤੀ ਹੈ ਕਿ ਸਰਕਾਰਾਂ ਗਰੀਬਾਂ ਤੇ ਮਜ਼ਦੂਰਾਂ ਦੇ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਯਕੀਨੀ ਬਣਾਉਣ ਅਤੇ ਇਨ੍ਹਾਂ ਦੀ ਲੁੱਟ ਕਰਨ ਵਾਲੇ ਸਿਆਸੀ ਤੇ ਸਵਾਰਥੀ ਗਰੋਹਾਂ ਨੂੰ ਨੱਥ ਪਾਈ ਜਾਵੇ। ਸਰੀਰਕ ਤੇ ਮਾਨਸਿਕ ਪੱਧਰ ’ਤੇ ਤਕੜੇ ਹੋ ਕੇ ਜੀਣ ਦੀ ਸਿੱਖਿਆ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਤੋਂ ਪੀੜਤ ਪਰਿਵਾਰਾਂ ਦੀ ਮਦਦ ਸਰਕਾਰੀ ਖ਼ਜ਼ਾਨੇ ਵਿਚੋਂ ਕਰਨ ਦੀ ਥਾਂ ਇਸ ਤਬਾਹਕੁਨ ਰੁਝਾਨ ਵਿੱਚ ਹਿੱਸੇਦਾਰ ਸਿਆਸਤਦਾਨਾਂ, ਅਫ਼ਸਰਾਂ ਦੀਆਂ ਜਾਇਦਾਦਾਂ ਤੇ ਪੈਨਸ਼ਨਾਂ ਵਿਚੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਸ਼ਰਮਨਾਕ ਵਰਤਾਰਾ ਹੈ ਕਿ ਕਿਰਤੀ ਗਰੀਬ ਮਜ਼ਦੂਰ ਦੁੱਧ, ਘਿਉ, ਫਲ ਅਤੇ ਅਨਾਜ ਤੋਂ ਬਰਾਬਰ ਸ਼ਕਤੀ ਲੈਣ ਤੋਂ ਵਾਂਝੇ ਹਨ ਤੇ ਨਸ਼ਿਆਂ ਦੇ ਆਸਰੇ ਢਿੱਡ ਭਰ ਰਹੇ ਹਨ।