ਗਗਨਦੀਪ ਅਰੋੜਾ
ਲੁਧਿਆਣਾ, 7 ਮਈ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਭਾਵੇਂ ਅਦਾਲਤ ਤੇ ਪੁਲੀਸ ਨੇ ਭਗੌੜਾ ਕਰਾਰ ਦੇ ਦਿੱਤਾ ਹੋਇਆ ਹੈ, ਪਰ ਇਸ ਦੇ ਬਾਵਜੂਦ ਉਹ ਆਪਣੇ ਫੇਸਬੁੱਕ ਪੇਜ ’ਤੇ ਲਗਾਤਾਰ ਸਰਗਰਮ ਹਨ। ਪੁਲੀਸ ਨੇ ਬੈਂਸ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਘਰ ਤੇ ਦਫ਼ਤਰ ਬਾਹਰ ਪੋਸਟਰ ਵੀ ਲਾ ਦਿੱਤੇ ਹਨ, ਪਰ ਹਾਲੇ ਤੱਕ ਉਹ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਜਦੋਂ ਪੁਲੀਸ ਨੇ ਸਾਬਕਾ ਵਿਧਾਇਕ ਬੈਂਸ ਦੇ ਥਾਣੇ ਤੇ ਦਫ਼ਤਰ ਬਾਹਰ ਭਗੌੜਾ ਹੋਣ ਦੇ ਪੋਸਟਰ ਲਗਾਏ ਸਨ ਤਾਂ 24 ਘੰਟੇ ਬਾਅਦ ਹੀ ਬੈਂਸ ਨੇ ਆਪਣੇ ਫੇਸਬੁੱਕ ਪੇਜ ’ਤੇ ਇੱਕ ਪੋਸਟ ਪਾਈ ਕਿ ਉਹ ਕਿਸੇ ਅੱਗੇ ਝੁੱਕਣ ਵਾਲੇ ਨਹੀਂ ਹਨ। ਉਨ੍ਹਾਂ ਲਿੱਖਿਆ ਸੀ ਕਿ ਉਹ ਇਸ ਮਾਮਲੇ ਨੂੰ ਬੇਪਰਦਾ ਕਰਨਗੇ। ਭਗੌੜਾ ਕਰਾਰ ਦਿੱਤੇ ਜਾਣ ਮਗਰੋਂ ਹੁਣ ਤੱਕ ਬੈਂਸ ਦੇ ਫੇਸਬੁੱਕ ਪੇਜ ’ਤੇ 4-5 ਪੋਸਟਾਂ ਪਾਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬੈਂਸ ’ਤੇ ਜਬਰ-ਜਨਾਹ ਦਾ ਦੋਸ਼ ਲਾਉਣ ਵਾਲੀ ਔਰਤ ਰੋਜ਼ਾਨਾ ਪੁਲੀਸ ਨੂੰ ਨਾਲ ਲਿਜਾ ਕੇ ਵੱਖ-ਵੱਖ ਥਾਵਾਂ ’ਤੇ ਛਾਪਾਮਾਰੀ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਸਿਮਰਜੀਤ ਸਿੰਘ ਬੈਂਸ ਦਿੱਲੀ ’ਚ ਡੇਰਾ ਲਾਈ ਬੈਠੈ ਹਨ ਤੇ ਦਿੱਲੀ ਅਦਾਲਤ ਤੋਂ ਜ਼ਮਾਨਤ ਲੈ ਕੇ ਕਿਸੇ ਵੀ ਵੇਲੇ ਲੁਧਿਆਣਾ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਜਬਰ ਜਨਾਹ ਮਾਮਲੇ ’ਚ ਸੁਣਵਾਈ ’ਤੇ ਗ਼ੈਰਹਾਜ਼ਰ ਹੋਣ ਕਾਰਨ ਅਦਾਲਤ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਣੇ 6 ਲੋਕਾਂ ਨੂੰ ਭਗੌੜਾ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਮੁਲਜ਼ਮਾਂ ’ਤੇ ਪੁਲੀਸ ਨੇ ਥਾਣਾ ਡਿਵੀਜ਼ਨ ਨੰਬਰ 6 ’ਚ ਕੇਸ ਦਰਜ ਕੀਤਾ ਸੀ।