ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਜੁਲਾਈ
ਸ੍ਰੀ ਅਕਾਲ ਤਖ਼ਤ ਦੇ ਹੇਠਾਂ ਹਾਲ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਜਥੇਦਾਰ ਹਰਪ੍ਰੀਤ ਸਿੰੰਘ ਨੇ ਬੇਅਦਬੀ ਮਾਮਲੇ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ, ਬੇਅਦਬੀ ਦੀਆਂ ਘਟਨਾਵਾਂ ਰੋਕਣ ਅਤੇ ਧਰਮ ਪਰਿਵਰਤਨ ਨੂੰ ਠੱਲ੍ਹ ਪਾਉਣ ਲਈ ਸਮੁੱਚੇ ਸਿੱਖ ਪੰਥ ਨੂੰ ਇੱਕਜੁਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਬੇਅਦਬੀ ਮਾਮਲਿਆਂ ’ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾ ਕਰਨ ਦੀ ਅਪੀਲ ਕੀਤੀ।
ਜਥੇਦਾਰ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਹਰ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਸਰਕਾਰ ਅਤੇ ਹੋਰ ਸੰਸਥਾਵਾਂ ਨੇ ਇਸ ਸਬੰਧੀ ਜਾਂਚ ਕੀਤੀ, ਮੁਲਜ਼ਮਾਂ ਵੱਲੋਂ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਣ ਦੇ ਬਿਆਨ ਵੀ ਸਾਹਮਣੇ ਆਏ ਪਰ ਮੁਲਜ਼ਮਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਸਾਰੀਆਂ ਸਿੱਖ ਜਥੇਬੰਦੀਆ ਨੇ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਤੇ ਪਸਾਰ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਭ ਤੋਂ ਲਚਕੀਲਾ ਧਰਮ ਸੀ ਪਰ ਅੱਜ ਇਸ ਦੀਆਂ ਭਾਵਨਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਜਿਸ ਕਾਰਨ ਅੱਜ ਕੋਈ ਵੀ ਸਿੱਖ ਆਪਣੇ ਘਰ ਵਿੱਚ ਪਾਵਨ ਸਰੂਪ ਰੱਖਣ ਤੋਂ ਵੀ ਡਰਦਾ ਹੈ। ਪੁਰਾਤਨ ਪ੍ਰਚਾਰ ਦੀ ਮਰਿਆਦਾ ਨੂੰ ਬਦਲ ਦਿੱਤਾ ਗਿਆ ਹੈ, ਇਸੇ ਕਰਕੇ ਅੱਜ ਧਰਮ ਤਬਦੀਲੀ ਦੀ ਸਮੱਸਿਆ ਪੇਸ਼ ਆ ਰਹੀ ਹੈ। ਇਸ ਮੌਕੇ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਪੰਜਾਬ ਪੁਲੀਸ ਦੇ ਸਾਬਕਾ ਆਈਜੀ ਰਣਬੀਰ ਸਿੰਘ ਖਟੜਾ ਨੇ ਵੀ ਜਾਂਚ ਬਾਰੇ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਦਰਜ ਇੱਕ ਐੱਫਆਈਆਰ ਵਿੱਚ ਡੇਰਾ ਸਿਰਸਾ ਦੇ ਮੁਖੀ ਦਾ ਨਾਂ ਵੀ ਸ਼ਾਮਲ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਰਵਿੰਦਰ ਸਿੰਘ ਆਦਿ ਕੋਲੋਂ ਪਾਵਨ ਸਰੂਪ ਦੇ ਅੰਗ ਬਰਾਮਦ ਕੀਤੇ ਗਏ ਸਨ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਜਥੇਬੰਦੀਆਂ ਨੂੰ ਆਖਿਆ ਕਿ ਉਹ ਸੁਚੇਤ ਹੋਣ ਅਤੇ ਪੰਥ ਦੋਖੀਆਂ ਦੀ ਸ਼ਨਾਖਤ ਕਰਨ। ਇਸ ਦੌਰਾਨ ਪ੍ਰਿੰਸੀਪਲ ਰਾਮ ਸਿੰਘ, ਬਾਬਾ ਤੇਜਾ ਸਿੰਘ ਖੁੱਡਾ ਕਲਾਂ, ਭਾਈ ਹਰਸਿਮਰਨ ਸਿੰਘ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਭਾਈ ਰਾਮ ਸਿੰੰਘ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਸੇਵਾਪੰਥੀ ਸੰਪਰਦਾ ਦੇ ਮਹੰਤ ਕਰਮਜੀਤ ਸਿੰੰਘ ਤੇ ਹੋਰਨਾਂ ਨੇ ਸੰਬੋਧਨ ਕੀਤਾ।
ਗੁਰਦੁਆਰਾ ਨਾਨਕ ਮਤਾ ਵਿੱਚ ਮਰਿਆਦਾ ਦੀ ਉਲੰਘਣਾ ਦਾ ਨੋਟਿਸ ਲਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਨਾਨਕ ਮਤਾ ਸਾਹਿਬ ਵਿੱਚ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਸਵਾਗਤ ਦੌਰਾਨ ਮਰਿਆਦਾ ਦੀ ਹੋਈ ਉਲੰਘਣਾ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸਵਾਗਤ ਲਈ ਲੜਕੀਆਂ ਤੋਂ ਨ੍ਰਿਤ ਕਰਵਾ ਕੇ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਦੇ ਨਾਲ ਹੀ ਗੁਰਦੁਆਰੇ ਮੱਥਾ ਟੇਕਣ ਸਮੇਂ ਮੁੱਖ ਮੰਤਰੀ ਨੂੰ ਚਾਂਦੀ ਦਾ ਮੁਕਟ ਦੇ ਕੇ ਸਨਮਾਨਿਆ ਜਾਣਾ ਵੀ ਮਰਿਆਦਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖ ਕੇ ਇਸ ਸਾਰੀ ਘਟਨਾ ਬਾਰੇ ਸਪੱਸ਼ਟੀਕਰਨ ਮੰਗਿਆ ਜਾਵੇਗਾ। ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਮਾਮਲੇ ਦੀ ਜਾਂਚ ਕਰ ਕੇ ਮੁਕੰਮਲ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗੀ। ਬੀਬੀ ਜਗੀਰ ਕੌਰ ਨੇ ਹਰਿਆਣਾ ਦੇ ਆਗੂ ਗੁਣੀ ਪ੍ਰਕਾਸ਼ ਵੱਲੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਦੀ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਿਵਾਦਤ ਬਿਆਨ ਸਿੱਖਾਂ ਅਤੇ ਹਿੰਦੂਆਂ ਵਿੱਚ ਪਾੜਾ ਪਾਉਣ ਦੀ ਮਨਸ਼ਾ ਨਾਲ ਦਿੱਤਾ ਗਿਆ ਹੈ। ਉਨ੍ਹਾਂ ਗੁਣੀ ਪ੍ਰਕਾਸ਼ ਨੂੰ ਆਪਣੇ ਵਤੀਰੇ ਲਈ ਸਿੱਖ ਸੰਗਤ ਕੋਲੋਂ ਮੁਆਫੀ ਮੰਗਣ ਲਈ ਕਿਹਾ ਹੈ।