ਜੋਗਿੰਦਰ ਸਿੰਘ ਮਾਨ
ਮਾਨਸਾ, 8 ਜਨਵਰੀ
ਪਿੰਡ ਫਫੜੇ ਭਾਈਕਾ ਵਿੱਚ ਅੱਜ ਸਵੇਰੇ ਛਾਪਾ ਮਾਰਨ ਆਈ ਲਹਿਰਾਗਾਗਾ ਪੁਲੀਸ ਦੀ ਗੱਡੀ ਲੋਕਾਂ ਨੇ ਘੇਰ ਲਈ। ਜਾਣਕਾਰੀ ਅਨੁਸਾਰ ਪਿੰਡ ਫਫੜੇ ਭਾਈਕੇ ਦੇ ਕਿਸਾਨ ਅਮਨਦੀਪ ਸਿੰਘ ਪੁੱਤਰ ਲੀਲਾ ਸਿੰਘ ਨੂੰ ਜਦੋਂ ਪੁਲੀਸ ਨੇ ਪਿੰਡ ਤੋਂ ਥੋੜੀ ਦੂਰ ਰਾਹ ਵਿੱਚ ਘੇਰ ਕੇ ਗੱਡੀ ’ਚ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਵਿਰੋਧ ਕਰਨ ’ਤੇ ਨੇੜਲੇ ਘਰਾਂ ਦੇ ਲੋਕ ਇਕੱਠੇ ਹੋ ਗਏ। ਸੰਗਰੂਰ ਜ਼ਿਲ੍ਹੇ ਤੋਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਵਰਦੀਧਾਰੀ ਤੇ ਸਿਵਲ ਕੱਪੜਿਆਂ ਵਿੱਚ ਪੁਲੀਸ ਮੁਲਾਜ਼ਮਾਂ ’ਚੋਂ ਕੁੱਝ ਵਿਅਕਤੀ ਗੱਡੀ ਲੈ ਕੇ ਫ਼ਰਾਰ ਹੋ ਗਏ ਪਰ ਇੱਕ ਗੱਡੀ ਵਿੱਚ ਸਵਾਰ ਚਾਰ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਨੇ ਰੋਕ ਲਿਆ। ਪੀੜਤ ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਰੋਹੀ ਰਾਮ ਪਿੰਡ ਜਖੇਪਲ ਅਤੇ ਤੋਤੀ ਸਿੰਘ ਪਿੰਡ ਰਹਿਣਾ (ਸੰਗਰੂਰ) ਨਾਲ ਟਰੈਕਟਰ ਸਬੰਧੀ ਝਗੜਾ ਚੱਲ ਰਿਹਾ ਸੀ, ਜਿਨ੍ਹਾਂ ਖ਼ਿਲਾਫ਼ ਭੀਖੀ ਥਾਣੇ ਵਿੱਚ ਕੇਸ ਦਰਜ ਹੈ। ਮੁਲਜ਼ਮ ਥਾਣੇ ਪੇਸ਼ ਨਹੀਂ ਹੋਏ ਸੀ ਪਰ ਅੱਜ ਅਚਾਨਕ ਲਹਿਰਾਗਾਗਾ ਦੀ ਪੁਲੀਸ ਨੇ ਉਸ ਨੂੰ ਧੱਕੇ ਨਾਲ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ ਕੀਤੀ ਤੇ ਇਸ ਦੌਰਾਨ ਦੋਵੇਂ ਮੁਲਜ਼ਮ ਵੀ ਪੁਲੀਸ ਨਾਲ ਸਨ। ਕਿਸਾਨ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ। ਮਾਰਕਿਟ ਕਮੇਟੀ ਦੇ ਚੇਅਰਮੈਨ ਤੇ ਪਿੰਡ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਪੰਚਾਇਤ ਨੂੰ ਮਾਮਲੇ ਦੀ ਇਤਲਾਹ ਦਿੱਤੇ ਬਿਨਾਂ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਚੁੱਕਣ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜ਼ਿਲ੍ਹੇ ਦੇ ਸੀਨੀਅਰ ਕਪਤਾਨ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।
ਥਾਣਾ ਭੀਖੀ ਦੇ ਮੁਖੀ ਬਲਕੌਰ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਪਿੰਡ ਵਿੱਚ ਛਾਪਾ ਮਾਰਨ ਆਈ ਸੀ ਤੇ ਜਿਸ ਨੌਜਵਾਨ ਨੂੰ ਫੜਨਾ ਸੀ, ਉਹ ਨਹੀਂ ਮਿਲਿਆ ਤੇ ਪੁਲੀਸ ਵਾਪਸ ਚਲੀ ਗਈ।