ਕੁਲਦੀਪ ਸਿੰਘ ਬਰਾੜ
ਮੰਡੀ ਘੁਬਾਇਆ, 8 ਜੁਲਾਈ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸ਼ੇਰ ਸਿੰਘ ਘੁਬਾਇਆ ਅਤੇ ਉਨ੍ਹਾਂ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਤੋਂ ਬਾਅਦ ਹੁਣ ਰਮਿੰਦਰ ਸਿੰਘ ਆਵਲਾ ਦਾ ਵੀ ਪਿੰਡ ਚੱਕ ਦੁਮਾਲ ਪਹੁੰਚਣ ’ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਚਰਨ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਪਿੰਡ ਵਾਸੀਆਂ ਨੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ’ਤੇ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਢੇ ਚਾਰ ਸਾਲ ਪੂਰੇ ਹੋਣ ਮਗਰੋਂ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ, ਉੱਤੋਂ ਬਿਜਲੀ ਸੰਕਟ ਅਤੇ ਨਹਿਰੀ ਪਾਣੀ ਪੂਰਾ ਨਾ ਮਿਲਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਸੁੱਕ ਰਹੀਆਂ ਹਨ। ਉਨ੍ਹਾਂ ਨਜ਼ਾਮ ਵਾਂ ਨਹਿਰ ਦੇ ਮਸਲੇ ਦੀ ਗੱਲ ਕਰਦਿਆਂ ਆਖਿਆ ਕਿ ਹਲਕਾ ਜਲਾਲਾਬਾਦ ਦੇ ਤੀਹ ਤੋਂ ਚਾਲੀ ਪਿੰਡ ਰਾਣਾ ਮੈਨਰ ਨਿਕਲਣ ਕਾਰਨ ਪ੍ਰਭਾਵਿਤ ਹੋ ਰਹੇ ਹਨ ਪਰ ਰਾਣਾ ਗੁਰਮੀਤ ਸਿੰਘ ਸੋਢੀ ਤੇ ਰਮਿੰਦਰ ਸਿੰਘ ਆਂਵਲਾ ਇੱਕੋ ਹਲਕੇ ਦੇ ਹੋਣ ਦੇ ਬਾਵਜੂਦ ਇਸ ਨਹਿਰ ਦਾ ਮਸਲਾ ਹੱਲ ਨਹੀਂ ਕਰਵਾ ਸਕੇ। ਅਖ਼ੀਰ ਰਮਿੰਦਰ ਸਿੰਘ ਆਵਲਾ ਨੇ ਇਨ੍ਹਾਂ ਸਾਰੇ ਮੁੱਦਿਆਂ ਦਾ ਜਲਦੀ ਹੱਲ ਕਰਨ ਦਾ ਕਹਿ ਲੋਕਾਂ ਤੋਂ ਖਹਿੜਾ ਛੁਡਵਾਇਆ।
ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨਾਲ ਇਸ ਮੁੱਦੇ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀਏ ਅੰਮ੍ਰਿਤ ਨੇ ਆਖਿਆ ਕਿ ਵਿਧਾਇਕ ਇਸ ਸਮੇਂ ਜ਼ਰੂਰੀ ਮੀਟਿੰਗ ਵਿੱਚ ਵਿਅਸਤ ਹਨ।