ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਨਵੰਬਰ
ਚੰਨੀ ਸਰਕਾਰ ਵੱਲੋਂ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਉਲ ਨੂੰ ਹਟਾਏ ਜਾਣ ਮਗਰੋਂ ਵੀ ਕਾਂਗਰਸ ਵਿੱਚ ਸਭ ਅੱਛਾ ਨਹੀਂ ਜਾਪਦਾ ਹੈ। ਬੇਸ਼ੱਕ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਪਸੀ ਸੁਰ ਮਿਲਾ ਲਏ ਹਨ ਪਰ ਸੀਨੀਅਰ ਕਾਂਗਰਸੀ ਆਗੂਆਂ ਨੇ ਚੰਨੀ ਸਰਕਾਰ ਦੀ ਘੇਰਾਬੰਦੀ ਜਾਰੀ ਰੱਖੀ ਹੋਈ ਹੈ। ਹੁਣ ਐਡਵੋਕੇਟ ਜਨਰਲ ਦਿਉਲ ਦੇ ਅਸਤੀਫ਼ੇ ਕਾਰਨ ਸਰਕਾਰ ਨਿਸ਼ਾਨੇ ’ਤੇ ਹੈ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਟਵੀਟ ਕੀਤਾ ਹੈ ਕਿ ‘‘ਇੱਕ ਸਮਰੱਥ ਪ੍ਰੰਤੂ ਕਥਿਤ ਤੌਰ ’ਤੇ ਸਮਝੌਤਾਵਾਦੀ ਅਧਿਕਾਰੀ ਦੀ ਬਰਖਾਸਤਗੀ ਨੇ ਅਸਲੀ ਸਮਝੌਤਾਵਾਦੀ ਮੁੱਖ ਮੰਤਰੀ ਦੇ ਚਿਹਰੇ ਨੂੰ ਬੇਪਰਦ ਕੀਤਾ ਹੈ। ਇਸ ਨਾਲ ਵੱਡਾ ਸੁਆਲ ਉੱਠਦਾ ਹੈ, ਪੰਜਾਬ ਵਿੱਚ ਆਖਰ ਸਰਕਾਰ ਕਿਸ ਦੀ ਹੈ?’ ਸੁਨੀਲ ਜਾਖੜ ਨੇ ਇਸ ਟਵੀਟ ਜ਼ਰੀਏ ਚੰਨੀ ਸਰਕਾਰ ’ਤੇ ਵੱਡੇ ਸੁਆਲ ਖੜ੍ਹੇ ਕੀਤੇ ਹਨ। ਜਾਖੜ ਅੱਜ ਕਈ ਦਿਨਾਂ ਦੀ ਚੁੱਪ ਮਗਰੋਂ ਬੋਲੇ ਹਨ।
ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਵੀ ਟਵੀਟ ਕਰਕੇ ਚੰਨੀ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਐਡਵੋਕੇਟ ਜਨਰਲ ਦੇ ਅਹੁਦੇ ਦਾ ਰਾਜਸੀਕਰਨ ਕੀਤਾ ਜਾ ਰਿਹਾ ਹੈ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਲਿਖਿਆ ਹੈ ਕਿ ਕੋਈ ਵੀ ਐਡਵੋਕੇਟ ਕਿਸੇ ਕੇਸ ਜਾਂ ਉਸ ਨਾਲ ਜੁੜੇ ਵਿਅਕਤੀ ਨਾਲ ਵਿਆਹਿਆ ਨਹੀਂ ਹੁੰਦਾ ਹੈ। ਤਿਵਾੜੀ ਨੇ ਮਸ਼ਵਰਾ ਦਿੱਤਾ ਹੈ ਕਿ ਪੰਜਾਬ ਸਰਕਾਰ ਹੁਣ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਨ ਜਾ ਰਹੀ ਹੈ ਤਾਂ ਇਸ ਵਾਰ ਕੌਂਸਲ ਆਫ ਇੰਡੀਆ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਨਿਯੁਕਤੀ ਕੀਤੀ ਜਾਵੇ।