ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਸਾਹਮਣੇ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਦੇ ਨਾਲ ਰਹਿੰਦੇ ਭਾਜਪਾ ਆਗੂ ਭੁਪੇਸ਼ ਅਗਰਵਾਲ ਦੇ ਘਰ ਅੱਗੇ ਵੀ ਪ੍ਰਦਰਸ਼ਨ ਕੀਤਾ।
ਡਾ. ਦਰਸ਼ਨਪਾਲ ਦੀ ਅਗਵਾਈ ਹੇਠ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਸਬੰਧਤ ਕਿਸਾਨਾਂ ਨੇ ਪਹਿਲਾਂ ਠੀਕਰੀ ਵਾਲਾ ਬੁੱਤ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਅਤੇ ਇਸ ਮਗਰੋਂ ਭਾਜਪਾ ਆਗੂ ਦੇ ਘਰ ਨੂੰ ਹੋ ਤੁਰੇ। ਭਾਵੇਂ ਕਿ ਆਮ ਤੌਰ ’ਤੇ ਮੁਜ਼ਾਹਰਾਕਾਰੀਆਂ ਨੂੰ ਵਾਈਪੀਐੱਸ ਚੌਕ ’ਤੇ ਹੀ ਰੋਕ ਲਿਆ ਜਾਂਦਾ ਹੈ ਪਰ ਇਨ੍ਹਾਂ ਕਿਸਾਨਾਂ ਨੂੰ ਪੁਲੀਸ ਨੇ ਖੁਦ ਹੀ ਬੈਰੀਕੇਡ ਲਾਂਭੇ ਕਰਕੇ ਰਾਹ ਦੇ ਦਿੱਤਾ। ਕਿਸਾਨਾਂ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਹੁੱਲੜਬਾਜ਼ੀ ਨਾ ਕਰਨ ਦਾ ਵਾਅਦਾ ਜ਼ਰੂਰ ਕੀਤਾ ਸੀ, ਜਿਸ ਤਹਿਤ ਹੀ ਉਹ ਜ਼ਾਬਤੇ ’ਚ ਰਹੇ ਅਤੇ ਖੇਤੀ ਕਾਨੂੰਨਾਂ ਦਹੀਆਂ ਕਾਪੀਆਂ ਸਾੜ ਕੇ ਖੁਦ ਹੀ ਪਰਤ ਆਏ।
ਇਸੇ ਦੌਰਾਨ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਖੁੱਲ੍ਹ ਕੇ ਕੇਂਦਰ ਸਰਕਾਰ ਦੇ ਨਾਲ ਖੜ੍ਹੇ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਦੇ ਰਾਜਪੁਰਾ ਸਥਿਤ ਦਫ਼ਤਰ ਅੱਗੇ ਜਾ ਕੇ ਕਿਸਾਨਾਂ ਨੇ ਗਰੇਵਾਲ ਦੇ ਦਫ਼ਤਰ ’ਤੇ ਉਪਰਲੇ ਪਾਸੇ ਲੱਗੇ ਪੋਸਟਰ, ਹੋਰਡਿੰਗ ਅਤੇ ਝੰਡੀਆਂ ਪਾੜ ਸੁੱਟੀਆਂ। ਇਨ੍ਹਾਂ ਨੂੰ ਮਗਰੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਦੇ ਨਾਲ ਹੀ ਅਗਨੀ ਭੇਟ ਵੀ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਰਕਾਰੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ, ਜਦਕਿ ਕਿਸਾਨ ਯੂਨੀਅਨ ਡਕੌਂਦਾ ਨੇ ਹੋਰਨਾਂ ਧਿਰਾਂ ਨਾਲ ਰਲ ਕੇ ਵੱਖ ਵੱਖ ਥਾਈਂ ਪ੍ਰਦਰਸ਼ਨ ਕੀਤੇ।
ਗਰੇਵਾਲ ਵੱਲੋਂ ਕੈਪਟਨ ’ਤੇ ਸਰਕਾਰੀ ਅਤਿਵਾਦ ਫੈਲਾਉਣ ਦਾ ਦੋਸ਼
ਪਟਿਆਲਾ: ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਅੱਜ ਰਾਜਪੁਰਾ ਸਥਿਤ ਆਪਣੇ ਦਫ਼ਤਰ ’ਤੇ ਲੱਗੇ ਪੋਸਟਰ ਅਤੇ ਝੰਡੀਆਂ ਪਾੜ ਕੇ ਸਾੜਨ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕਿਸਾਨਾਂ ਨੇ ਨਹੀਂ ਸਗੋਂ ਕਾਂਗਰਸੀਆਂ ਨੇ ਕੀਤੀ ਹੈ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਰਾਜਨੀਤਕ ਅਤੇ ਸਰਕਾਰੀ ਅਤਿਵਾਦ ਫੈਲਾਉਣ ਦੇ ਦੋਸ਼ ਲਾਏ। ਗਰੇਵਾਲ ਨੇ ਕਿਹਾ ਕਿ ਦਫ਼ਤਰ ’ਤੇ ਚੜ੍ਹ ਕੇ ਬੋਰਡ ਅਤੇ ਪੋਸਟਰ ਪਾੜਨ ਵਾਲਾ ਕੋਈ ਕਿਸਾਨ ਨਹੀਂ ਸਗੋਂ ਪ੍ਰਨੀਤ ਕੌਰ ਦਾ ਸਮਰਥਕ ਮਨਜੀਤ ਸਿੰਘ ਨਾਂ ਦਾ ਕਾਂਗਰਸੀ ਕਾਰਕੁਨ ਸੀ। ਉਸ ਦੇ ਨਾਲ ਦੋ ਨਿਹੰਗ ਸਿੰਘ ਵੀ ਸਨ, ਜੋ ਉਸ ਦੇ ਹਲਕੇ ਦੇ ਨਹੀਂ ਹਨ। ਇਸ ਸਬੰਧੀ ਉਨ੍ਹਾਂ ਰਾਜਪੁਰਾ ਦੇ ਡੀਐੱਸਪੀ ਗੁਰਵਿੰਦਰ ਸਿੰਘ ਨੂੰ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਪਟਿਆਲਾ ’ਚ ਕਿਸਾਨਾਂ ਨੂੰ ਭੁਪੇਸ਼ ਅਗਰਵਾਲ ਦੇ ਘਰ ਤੱਕ ਪਹੁੰਚਣ ਦੀ ਇਜਾਜ਼ਤ ਦੇਣ ਲਈ ਵੀ ਸਰਕਾਰ ਦੀ ਨਿਖੇਧੀ ਕੀਤੀ।