ਟਿ੍ਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਕਤੂਬਰ
ਮੁੱਖ ਅੰਸ਼
- ਸਿੱਧੂ ਦੇ ਪ੍ਰਧਾਨ ਬਣੇ ਰਹਿਣ ਦੇ ਆਸਾਰ
ਗਾਂਧੀ ਪਰਿਵਾਰ ’ਤੇ ਪੂਰਨ ਭਰੋਸਾ ਹੋਣ ਦਾ ਦਾਅਵਾ
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੇ ਕਰੀਬ ਦੋ ਹਫ਼ਤੇ ਮਗਰੋਂ ਅੱਜ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਹਾਈਕਮਾਂਡ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ। ਇਸ ਮੀਟਿੰਗ ਮਗਰੋਂ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣੇ ਰਹਿਣ ਦੇ ਸਪੱਸ਼ਟ ਸੰਕੇਤ ਮਿਲੇ ਹਨ, ਪਰ ਇਸ ਬਾਰੇ ਸ਼ੁੱਕਰਵਾਰ ਨੂੰ ਰਸਮੀ ਐਲਾਨ ਹੋਵੇਗਾ। ਉਂਜ ਸਿੱਧੂ ਨੇ ਮੀਟਿੰਗ ਮਗਰੋਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ’ਤੇ ਪੂਰਨ ਭਰੋਸਾ ਹੈ। ਨਵਜੋਤ ਸਿੱਧੂ ਅੱਜ ਸ਼ਾਮ ਛੇ ਵਜੇ ਦਿੱਲੀ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲੇ। ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਅਤੇ ਅਗਲੀਆਂ ਚੋਣਾਂ ਨੂੰ ਲੈ ਕੇ ਲੰਮੀ ਵਿਚਾਰ ਚਰਚਾ ਹੋਈ। ਮੀਟਿੰਗ ਪਿੱਛੋਂ ਨਵਜੋਤ ਸਿੱਧੂ ਚੜ੍ਹਦੀ ਕਲਾ ਵਿਚ ਦਿਖੇ ਅਤੇ ਆਖ਼ਰੀ ਫ਼ੈਸਲਾ ਭਲਕੇ ਆਉਣ ਦੀ ਸੰਭਾਵਨਾ ਹੈ। ਚੇਤੇ ਰਹੇ ਕਿ ਸਿੱਧੂ ਨੇ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਮੁੱਦਿਆਂ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਕਰਨਗੇ। ਨਵਜੋਤ ਸਿੱਧੂ ਨੇ ਅੱਜ ਮੀਟਿੰਗ ਮਗਰੋਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਅਤੇ ਪੰਜਾਬ ਕਾਂਗਰਸ ਪ੍ਰਤੀ ਆਪਣੇ ਮੁੱਖ ਸਰੋਕਾਰਾਂ ਤੋਂ ਹਾਈਕਮਾਂਡ ਨੂੰ ਜਾਣੂ ਕਰਾਇਆ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ’ਤੇ ਪੂਰਨ ਭਰੋਸਾ ਹੈ ਅਤੇ ਉਹ ਜੋ ਵੀ ਫ਼ੈਸਲੇ ਲੈਣਗੇ, ਉਹ ਪੰਜਾਬ ਅਤੇ ਕਾਂਗਰਸ ਦੇ ਹਿਤ ਵਿਚ ਹੋਵੇਗਾ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਤਾਂ ਪਹਿਲਾਂ ਤੋਂ ਹੀ ਪਾਰਟੀ ਦੇ ਫ਼ੈਸਲੇ ਨੂੰ ਪ੍ਰਮੁੱਖ ਮੰਨ ਕੇ ਹਰ ਹੁਕਮ ਦੀ ਪਾਲਨਾ ਕਰਦੇ ਰਹੇ ਹਨ। ਸੂਤਰ ਦੱਸਦੇ ਹਨ ਕਿ ਹਾਈਕਮਾਂਡ ਨੇ ਅੱਜ ਜ਼ਰੂਰ ਕੋਈ ਰਾਹ ਕੱਢ ਲਿਆ ਹੈ। ਉਂਜ ਇਹ ਵੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਸਿੱਧੂ ਹੁਣ ਦਿੱਲੀ ਤੋਂ ਡੀਜੀਪੀ ਅਤੇ ਐਡਵੋਕੇਟ ਜਨਰਲ ਦਾ ਤਬਾਦਲਾ ਹੋਣ ਦਾ ਫ਼ੈਸਲਾ ਲੈ ਕੇ ਵਾਪਸ ਮੁੜਦੇ ਹਨ ਜਾਂ ਹਾਈਕਮਾਂਡ ਦੇ ਫ਼ੈਸਲੇ ਅੱਗੇ ਨਰਮੀ ਲਿਆਉਣੀ ਪਵੇਗੀ।
ਪ੍ਰਧਾਨ ਵਜੋਂ ਕੰਮ ਕਰਨ ਸਿੱਧੂ: ਰਾਵਤ
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਸਪਸ਼ਟ ਕਰ ਚੁੱਕੇ ਹਨ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਹੁਕਮ ਉਨ੍ਹਾਂ ਲਈ ਸਰਬਉੱਚ ਹੋਵੇਗਾ। ਰਾਵਤ ਨੇ ਕਿਹਾ ਕਿ ਆਦੇਸ਼ ਬਿਲਕੁਲ ਸਪਸ਼ਟ ਹੈ ਕਿ ਨਵਜੋਤ ਸਿੱਧੂ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਆਪਣਾ ਕੰਮ ਪੂਰੀ ਤਾਕਤ ਨਾਲ ਕਰਨ। ਰਾਵਤ ਨੇ ਕਿਹਾ ਕਿ ਭਲਕੇ ਇਸ ਬਾਰੇ ਵਿਸਥਾਰਤ ਵੇਰਵੇ ਦਿੱਤੇ ਜਾਣਗੇ।