ਪੱਤਰ ਪ੍ਰੇਰਕ
ਮਾਨਸਾ, 25 ਜੂਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਹੁਣ ਪੰਜਾਬ ਸਰਕਾਰ ਨਾਲ ਪੁੱਤ ਦੇ ਕਤਲ ਲਈ ਇਨਸਾਫ਼ ਵਾਸਤੇ ਅਪੀਲ-ਦਲੀਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਬਲਕੌਰ ਸਿੰਘ ਤੇ ਚਰਨ ਕੌਰ ਨੇ ਅੱਜ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਸਰਕਾਰ ਸਾਹਮਣੇ ਰੋ ਕੇ, ਹੱਥ ਬੰਨ੍ਹ ਕੇ ਅਪੀਲਾਂ ਕਰਕੇ ਵੇਖ ਲਿਆ ਹੈ, ਪਰ ਉਨ੍ਹਾਂ ਨੂੰ ਇਨਸਾਫ਼ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਹੈ। ਇਸ ਲਈ ਹੁਣ ਉਨ੍ਹਾਂ ਇਨਸਾਫ਼ ਲਈ ਸਿਰਫ਼ ਵਾਹਿਗੁਰੂ ‘ਤੇ ‘ਡੋਰਾਂ’ ਛੱਡ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਸਮੇਤ ਸਾਰੀ ਕੈਬਨਿਟ ਤੋਂ ਝੋਲੀ ਅੱਡ ਕੇ ਇਨਸਾਫ਼ ਲਈ ਮੰਗ ਕਰਦੇ ਆ ਰਹੇ ਹਨ, ਪਰ ਹੁਣ ਤੱਕ ਕਿਸੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਇਸ ਮੌਕੇ ਚਰਨ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੱਬ ਅੱਗੇ ਅਰਦਾਸ ਕਰਨ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲੇ।