ਚੰਡੀਗੜ੍ਹ: ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁਲੀਸ ਕੋਲ ਦਰਜ ਕਰਵਾਈ ਐਫਆਈਆਰ ਵਿਚ ਜ਼ਿਕਰ ਕੀਤਾ ਹੈ ਕਿ ਜਦ ਸਿੱਧੂ ਬਿਨਾਂ ਗੰਨਮੈਨ ਤੇ ਬੁਲੇਟਪਰੂਫ ਫਾਰਚੂਨਰ ਤੋਂ ਥਾਰ ਵਿਚ ਘਰੋਂ ਗਿਆ ਸੀ ਤਾਂ ਉਹ ਉਸ ਦੇ ਮਗਰ ਗਏ ਸਨ। ਪੁਲੀਸ ਨੇ ਸਿੱਧੂ ਮੂਸੇਵਾਲਾ ਉਰਫ਼ ਸ਼ੁਭਦੀਪ ਸਿੰਘ ਦੇ ਪਿਤਾ ਬਲਕਾਰ ਸਿੰਘ ਦੇ ਬਿਆਨ ਮਾਨਸਾ ਪੁਲੀਸ ਥਾਣੇ ਵਿਚ ਦਰਜ ਕੀਤੇ ਹਨ। ਐਫਆਈਆਰ ਵਿਚ ਪਿਤਾ ਨੇ ਦੱਸਿਆ ਹੈ ਕਿ ਕਈ ਗੈਂਗਸਟਰ ਉਸ ਨੂੰ ਫਿਰੌਤੀ ਲਈ ਧਮਕੀਆਂ ਦਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਕਈ ਵਾਰ ਧਮਕੀਆਂ ਦੇ ਚੁੱਕਾ ਹੈ। ਇਸੇ ਲਈ ਉਸ ਨੇ ਫਾਰਚੂਨਰ ਨੂੰ ਬੁਲੇਟਪਰੂਫ ਕਰਾਇਆ ਹੋਇਆ ਸੀ। ਉਨ੍ਹਾਂ ਦੱਸਿਆ, ‘ਐਤਵਾਰ ਨੂੰ ਮੇਰਾ ਪੁੱਤਰ ਆਪਣੇ ਦੋਸਤਾਂ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨਾਲ ਥਾਰ ਵਿਚ ਘਰੋਂ ਗਿਆ। ਉਹ ਬੁਲੇਟਪਰੂਫ ਗੱਡੀ ਤੇ ਗੰਨਮੈਨਾਂ ਨੂੰ ਨਾਲ ਨਹੀਂ ਲੈ ਕੇ ਗਿਆ। ਇਸ ਤੋਂ ਬਾਅਦ ਮੈਂ ਗੰਨਮੈਨ ਨਾਲ ਇਕ ਹੋਰ ਕਾਰ ਵਿਚ ਉਸ ਦਾ ਪਿੱਛਾ ਕੀਤਾ। ਰਾਹ ਵਿਚ ਮੈਂ ਇਕ ਕਰੋਲਾ ਕਾਰ ਦੇਖੀ ਜਿਸ ਵਿਚ ਚਾਰ ਜਣੇ ਸਵਾਰ ਸਨ ਤੇ ਥਾਰ ਦਾ ਪਿੱਛਾ ਕਰ ਰਹੇ ਸਨ। ਥਾਰ ਜਦ ਜਵਾਹਰਕੇ ਪਿੰਡ ਦੇ ਬਾਹਰਵਾਰ ਪਹੁੰਚੀ ਤਾਂ ਉੱਥੇ ਪਹਿਲਾਂ ਹੀ ਚਿੱਟੇ ਰੰਗ ਦੀ ਇਕ ਬੋਲੈਰੋ ਖੜ੍ਹੀ ਸੀ। ਉਸ ਵਿਚ ਚਾਰ ਹੋਰ ਨੌਜਵਾਨ ਸਨ। ਕੁਝ ਹੀ ਦੇਰ ਬਾਅਦ ਫਾਇਰਿੰਗ ਸ਼ੁਰੂ ਹੋ ਗਈ, ਤੇ ਗੱਡੀਆਂ ਵਿਚ ਸਵਾਰ ਹਮਲਾਵਰ ਫਰਾਰ ਹੋ ਗਏ।’ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਮੌਕੇ ਉਤੇ ਪਹੁੰਚੇ ਤੇ ਮਦਦ ਲਈ ਰੌਲਾ ਪਾਇਆ। ਲੋਕਾਂ ਦੀ ਮਦਦ ਨਾਲ ਸਿੱਧੂ ਤੇ ਉਸ ਦੇ ਦੋਸਤਾਂ ਨੂੰ ਹਸਪਤਾਲ ਲਿਜਾਇਆ ਗਿਆ। ਸਿੱਧੂ ਦੀ ਹਾਲਾਂਕਿ ਰਾਹ ਵਿਚ ਹੀ ਮੌਤ ਹੋ ਗਈ।