ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਕਤੂਬਰ
ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਅੱਜ ਆਪਣੇ ਟਵੀਟ ਰਾਹੀਂ ਬਿਨਾਂ ਨਾਮ ਲਏ ਅਗਲੇ ਮੁੱਖ ਮੰਤਰੀ ਬਾਰੇ ਇਸ਼ਾਰਾ ਕੀਤਾ ਹੈ। ਮੁਹੰਮਦ ਮੁਸਤਫ਼ਾ ਨੇ ਟਵੀਟ ਕਰਕੇ ਅਫ਼ਸਰਸ਼ਾਹੀ ਨੂੰ ਵੀ ਨਸੀਹਤਾਂ ਦਿੱਤੀਆਂ ਹਨ। ਉਨ੍ਹਾਂ ਪੁਰਾਣੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਰਾਣੇ ਪੁਲੀਸ ਅਧਿਕਾਰੀਆਂ ਨੂੰ ਮਸ਼ਵਰਾ ਦਿੱਤਾ ਹੈ ਕਿ ਉਹ 2022 ਤੋਂ ਮਗਰੋਂ ਪੰਜਾਬ ਵਿੱਚ ਕਿਸ ਦੀ ਸਰਕਾਰ ਹੋਵੇਗੀ, ਸਬੰਧੀ ਅਨੁਮਾਨ ਲਾਉਣੇ ਛੱਡ ਦੇਣ ਅਤੇ ਆਪਣੇ ਕੰਮ ਵੱਲ ਧਿਆਨ ਦੇਣ। ਮੁਸਤਫ਼ਾ ਨੇ ਚੌਕਸ ਵੀ ਕੀਤਾ ਕਿ ਅਜਿਹਾ ਨਾ ਹੋਵੇ ਕਿ ਅੰਦਾਜ਼ੇ ਲਾਉਣ ਵਾਲੇ ਕਿਸੇ ਨਵੀਂ ਮੁਸੀਬਤ ਵਿੱਚ ਫਸ ਜਾਣ ਕਿਉਂਕਿ ਉਨ੍ਹਾਂ ਵਿੱਚੋਂ ਹਰ ਕੋਈ ਸੁਰੇਸ਼, ਦਿਨਕਰ ਜਾਂ ਅਰੋੜਾ ਨਹੀਂ ਬਣ ਸਕਦਾ, ਜਿਨ੍ਹਾਂ ਨੂੰ ਇਹ ਬਖ਼ਸ਼ ਹੈ ਕਿ ਉਹ ਆਲੂ ਵਾਂਗ ਹਰ ਸਬਜ਼ੀ ਵਿੱਚ ਫਿੱਟ ਹੋ ਸਕਦੇ ਹਨ। ਉਨ੍ਹਾਂ ਇਹ ਵੀ ਲਿਖਿਆ ਕਿ ਬਹੁਤੇ ਸਤਿਕਾਰਤ ਅਧਿਕਾਰੀ ਹਨ, ਜੋ ਆਪਣੀ ਜ਼ਮੀਰ ਦਾ ਸੌਦਾ ਨਹੀਂ ਕਰਨਗੇ। ਉਨ੍ਹਾਂ ਭਰੋਸਾ ਕਰਨ ਲਈ ਕਿਹਾ ਕਿ ਮੌਕਾਪ੍ਰਸਤ ਤੇ ਬੇਜ਼ਮੀਰੇ ਅਫ਼ਸਰਾਂ ਦਾ ਭੁਲੇਖਾ ਦੂਰ ਹੋ ਜਾਵੇਗਾ ਕਿਉਂਕਿ ਕਾਂਗਰਸ ਸਰਕਾਰ ਮੁੜ ਭਾਰੀ ਬਹੁਮਤ ਨਾਲ ਆ ਰਹੀ ਹੈ। ਮੁਸਤਫ਼ਾ ਨੇ ਅਗਲੇ ਮੁੱਖ ਮੰਤਰੀ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਜਿੱਥੋਂ ਤੱਕ ਅਗਲੇ ਮੁੱਖ ਮੰਤਰੀ ਦਾ ਸੁਆਲ ਹੈ, ਉਹ ਅਜਿਹਾ ਹੋਵੇਗਾ ਜੋ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਕਾਂਗਰਸ ਪ੍ਰਤੀ ਪੂਰਾ ਸਮਰਪਿਤ ਹੋਵੇਗਾ।