ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 13 ਮਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਗੰਭੀਰ ਟਿੱਪਣੀਆਂ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਮੰਤਰੀਆਂ ਵੱਲੋਂ ਮੁਅੱਤਲ ਕਰਨ ਦੀ ਮੰਗ ਦੇ ਮੱਦੇਨਜ਼ਰ ਨੇ ਸਿੱਧੂ ਨੇ ਅੱਜ ਆਪਣੇ ਤਰਕਸ਼ ’ਚੋਂ ਇਕ ਹੋਰ ਤੀਰ ਕੱਢਿਆ ਹੈ। ਉਨ੍ਹਾਂ ਕੈਪਟਨ ਦਾ ਨਾਮ ਲਏ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪਾਰਟੀ ਸਹਿਯੋਗੀਆਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾਉਣੀ ਬੰਦ ਕਰਨ। ਮੰਤਰੀਆਂ ਦੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ “ਆਤਮਾ ਨੇ ਕੱਲ੍ਹ ਵੀ ਤੇ ਅੱਜ ਵੀ ਗੁਰੂ ਸਾਹਿਬ ਲਈ ਇਨਸਾਫ ਦੀ ਮੰਗ ਕੀਤੀ ਹੈ। ਇਹ ਮੰਗ ਕੱਲ੍ਹ ਵੀ ਦੁਹਰਾਈ ਜਾਵੇਗੀ। ਪੰਜਾਬ ਦੀ ਜ਼ਮੀਰ ਪਾਰਟੀ ਲੀਹਾਂ ਤੋਂ ਉਪਰ ਹੈ ਪਾਰਟੀ ਸਹਿਯੋਗੀ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਚਲਾਉਣੀ ਬੰਦ ਕਰੋ। ਤੁਸੀਂ ਸਿੱਧੇ ਤੌਰ ‘ਤੇ ਜ਼ਿੰਮੇਵਾਰ ਅਤੇ ਜਵਾਬਦੇਹ ਹੋ। ਮਹਾਨ ਗੁਰੂ ਦੀ ਅਦਾਲਤ ਵਿੱਚ ਤੁਹਾਡੀ ਰੱਖਿਆ ਕੌਣ ਕਰੇਗਾ?”