ਸ਼ਗਨ ਕਟਾਰੀਆ
ਜੈਤੋ, 6 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸੁਵਖ਼ਤੇ ਜੈਤੋ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂਘਰ ਵਿਚ ਨਤਮਸਤਕ ਹੋਣ ਲਈ ਪਹੁੰਚੇ। ਗੁਰੂਘਰ ’ਚ ਉਹ ਕਰੀਬ ਅੱਧਾ ਘੰਟਾ ਰੁਕੇ ਅਤੇ ਬੇਅਦਬੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਅਰਦਾਸ ਕੀਤੀ।
ਗੁਪਤ ਫੇਰੀ ਤਹਿਤ ਪਹੁੰਚੇ ਸ੍ਰੀ ਸਿੱਧੂ ਨੇ ਗੁਰੂਘਰ ’ਚ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਛੇਤੀ ਸਜ਼ਾ ਲਈ ਰੋਜ਼ਾਨਾ ਅਰਦਾਸ ਕਰਨ। ਉਨ੍ਹਾਂ ਕਿਹਾ,‘‘ਬੇਅਦਬੀ ਦਾ ਅਪਰਾਧ ਕਰਨ ਵਾਲਿਆਂ ਨੂੰ ਅਜਿਹੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ, ਜਿਸ ਨੂੰ ਪੀੜ੍ਹੀ-ਦਰ-ਪੀੜ੍ਹੀ ਲੋਕ ਵੇਖਣ।’’ ਸਿੱਧੂ ਨੇ ਪਿੰਡ ਵਾਸੀਆਂ ਨੂੰ ਕਾਨੂੰਨ ਹੱਥ ’ਚ ਨਾ ਲੈਣ ਦੀ ਸਖ਼ਤ ਹਦਾਇਤ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਆਸਥਾ ਨੂੰ ਯਕੀਨ ਹੈ ਕਿ ਨਿਆਂ ਦਾ ਪ੍ਰਕਾਸ਼ ਜ਼ਰੂਰ ਹੋਵੇਗਾ। ਗ੍ਰੰਥੀ ਗੋਰਾ ਸਿੰਘ ਨੇ ਕਿਹਾ ਕਿ ਬੇਅਦਬੀ ਦੀ ਘਟਨਾ ਤੋਂ ਬਾਅਦ ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਸੀ ਅਤੇ ਬਾਅਦ ’ਚ ਸਰਕਾਰ ਵੱਲੋਂ 5 ਲੱਖ ਦੀ ਮਦਦ ਰਾਸ਼ੀ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੂਨ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਅਤੇ ਕੁਝ ਦਿਨਾਂ ਬਾਅਦ ਸਰੂਪ ਦੇ ਫਟੇ ਹੋਏ ਅੰਗ ਪਿੰਡ ਬਰਗਾੜੀ ਦੀ ਫਿਰਨੀ ’ਤੇ ਖਿੱਲਰੇ ਹੋਏ ਮਿਲੇ ਸਨ। ਇਸ ਤੋਂ ਬਾਅਦ ਬੇਅਦਬੀ ਖ਼ਿਲਾਫ਼ ਰੋਸ ਪ੍ਰਗਟਾ ਰਹੀ ਸੰਗਤ ’ਤੇ ਕੋਟਕਪੂਰਾ ਅਤੇ ਬਹਬਿਲ ਕਲਾਂ ’ਚ ਪੁਲੀਸ ਵੱਲੋਂ ਕੀਤੀ ਕਾਰਵਾਈ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਕੁਝ ਅਰਸਾ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਉਕਤ ਗੁਰੂਘਰ ਵਿਚ ਨਤਮਸਤਕ ਹੋਏ ਸਨ। ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ।