ਸੰਗਰੂਰ (ਗੁਰਦੀਪ ਸਿੰਘ ਲਾਲੀ): ਇਥੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਲੋਂ ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਵਿਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਵਲੋਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਵਲੋਂ ਸਿੱਧੂ ਮੂਸੇਵਾਲਾ ਦੀ ਅੰਤ੍ਰਿਮ ਜ਼ਮਾਨਤ ਲਈ ਅਰਜ਼ੀ ਮਨਜ਼ੂਰ ਕਰ ਲਈ ਹੈ ਅਤੇ ਸਿੱਧੂ ਮੂਸੇਵਾਲਾ ਨੂੰ ਪੁਲੀਸ ਜਾਂਚ ’ਚ ਸ਼ਾਮਲ ਹੋਣ ਲਈ ਆਖਿਆ ਹੈ। ਸਿੱਧੂ ਮੂਸੇਵਾਲਾ ਦੀ ਲੱਡਾ ਕੋਠੀ ਸ਼ੂਟਿੰਗ ਰੇਂਜ ’ਚ ਆਪਣੇ ਸਾਥੀਆਂ ਸਮੇਤ ਫਾਇੰਰਿੰਗ ਕਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ 5 ਮਈ ਨੂੰ ਸੰਗਰੂਰ ਪੁਲੀਸ ਨੇ ਸਿੱਧੂ ਮੂਸੇਵਾਲਾ, ਕਰਮ ਸਿੰਘ ਲਹਿਲ, ਇੰਦਰਵੀਰ ਸਿੰਘ ਗਰੇਵਾਲ ਵਾਸੀਆਨ ਸੰਗਰੂਰ, ਜੰਗਸ਼ੇਰ ਸਿੰਘ ਵਾਸੀ ਪਟਿਆਲਾ ਅਤੇ ਪੰਜ ਪੁਲੀਸ ਕਰਮਚਾਰੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਬੀਤੀ 18 ਮਈ ਨੂੰ ਪੁਲੀਸ ਵਲੋਂ ਇਸ ਕੇਸ ਵਿਚ ਆਰਮਜ ਐਕਟ ਦੀਆਂ ਧਰਾਵਾਂ 25, 29 ਅਤੇ 30 ਦਾ ਵਾਧਾ ਕਰ ਦਿੱਤਾ ਗਿਆ ਸੀ। ਕੇਸ ਵਿਚ ਸ਼ਾਮਲ ਪੁਲੀਸ ਮੁਲਾਜ਼ਮਾਂ ਨੂੰ ਪਹਿਲਾਂ ਹੀ ਸੰਗਰੂਰ ਅਦਾਲਤ ਵਲੋਂ ਜ਼ਮਾਨਤ ਮਿਲ ਚੁੱਕੀ ਹੈ।