ਪੱਤਰ ਪ੍ਰੇਰਕ
ਮਾਨਸਾ, 11 ਅਪਰੈਲ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੰਜਾਬੀ ਸੰਗੀਤ ਵਿੱਚ ਮੌਤ ਤੋਂ ਬਾਅਦ ਵੀ ਵੱਡਾ ਪ੍ਰਭਾਵ ਹੈ। ਕਤਲ ਦੇ ਸਾਢੇ 10 ਮਹੀਨਿਆਂ ਬਾਅਦ ਯੂਟਿਊਬ ‘ਤੇ ਮੂਸੇਵਾਲਾ ਦੇ ਸਬਸਕ੍ਰਾਈਬਰ 90 ਲੱਖ ਤੋਂ ਵਧ ਗਏ ਹਨ। ਇੰਨਾ ਹੀ ਨਹੀਂ ਚਾਰ ਦਿਨ ਪਹਿਲਾਂ ਰਿਲੀਜ਼ ਹੋਏ ਗੀਤ ‘ਮੇਰਾ ਨਾਂ’ ਨੂੰ 23.6 ਮਿਲੀਅਨ (2 ਕਰੋੜ ਤੋਂ ਵੱਧ) ਲੋਕ ਸੁਣ ਚੁੱਕੇ ਹਨ। ਇਹ ਗੀਤ ਯੂਟਿਊਬ ‘ਤੇ ਨੰਬਰ-1 ‘ਤੇ ਚੱਲ ਰਿਹਾ ਹੈ। ਇਸੇ ਦੌਰਾਨ ਹੀ ਅੱਜ ਮਰਹੂਮ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਪੁੱਤਰ ਦੇ ਦੋ ਕਰੋੜ ਸਬਸਕ੍ਰਾਈਬਰ ਹੋਣ ‘ਤੇ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾਈ ਹੈ। ਪੁੱਤਰ ਨੂੰ ਯਾਦ ਕਰਦਿਆਂ ਚਰਨ ਕੌਰ ਨੇ ਕਿਹਾ ‘ਸ਼ੁਭਦੀਪ ਪੁੱਤ, ਤੁਹਾਨੂੰ ਅਤੇ ਤੁਹਾਡੇ ਭੈਣ-ਭਰਾਵਾਂ ਨੂੰ 2 ਕਰੋੜ ਸਬਸਕ੍ਰਾਈਬਰ ਨਾਲ ਜੁੜ ਕੇ ਵਧਾਈ ਹੋਵੇ।’ ਪਿਛਲੇ ਸਾਲ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਦੇ ਸਾਢੇ ਦਸ ਮਹੀਨਿਆਂ ਵਿੱਚ ਸਿੱਧੂ ਮੂਸੇਵਾਲਾ ਦੇ ਦੋ ਗੀਤ ‘ਐਸਵਾਈਐਲ’ ਅਤੇ ‘ਵਾਰ’ ਰਿਲੀਜ਼ ਕੀਤੇ ਗਏ ਸਨ। ਹੁਣ ਤੀਜੇ ਗੀਤ ਦੇ ਲਾਂਚ ਹੋਣ ਨਾਲ ਸਿੱਧੂ ਮੂਸੇਵਾਲਾ ਦੇ ਸਬਸਕ੍ਰਾਈਬਰਜ਼ ਦੀ ਗਿਣਤੀ ਦੋ ਕਰੋੜ ਤੋਂ ਪਾਰ ਹੋ ਗਈ ਹੈ।