ਜੋਗਿੰਦਰ ਸਿੰਘ ਮਾਨ
ਮਾਨਸਾ, 16 ਅਗਸਤ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਾਅਵਾ ਕੀਤਾ ਕਿ ਅੱਜ ਕੱਲ੍ਹ ਆਸਟਰੇਲੀਆ ਰਹਿੰਦੇ ਸ਼ਗਨਪ੍ਰੀਤ ਸਿੰਘ ਨੂੰ ਬੇਸ਼ੱਕ ਮੀਡੀਆ ਦੇ ਇੱਕ ਹਿੱਸੇ ਵਿੱਚ ਸਿੱਧੂ ਮੂਸੇਵਾਲਾ ਦਾ ਮੈਨੇਜਰ ਦੱਸਿਆ ਜਾ ਰਿਹਾ ਹੈ, ਇਹ ਸਭ ਝੂਠ ਹੈ। ਸ਼ਗਨਪ੍ਰੀਤ ਸਿਰਫ਼ ਮੂਸੇਵਾਲਾ ਦਾ ਪ੍ਰਸ਼ੰਸਕ ਬਣ ਕੇ ਹੀ ਮਿਲਿਆ ਸੀ ਤੇ ਉਸ ਤੋਂ ਬਾਅਦ ਉਸ ਨਾਲ ਮੇਲ-ਜੋਲ ਵਧ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਮੈਨੇਜਰ ਬੰਟੀ ਬੈਂਸ ਹੈ, ਜੋ ਮੁਹਾਲੀ ਰਹਿੰਦਾ ਹੈ। ਉਹ ਅਜ਼ਾਦੀ ਦਿਹਾੜੇ ਦੌਰਾਨ ਪਿੰਡ ਮੂਸਾ ਵਿੱਚ ਜੁੜੇ ਇਕੱਠ ਦੌਰਾਨ ਬੋਲ ਰਹੇ ਸਨ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਮੂਸੇਵਾਲਾ ਨੂੰ ਕਤਲ ਕਰਨਾ ਦੱਸਿਆ ਜਾ ਰਿਹਾ ਹੈ ਪਰ ਜੇ ਕਤਲ ਪਿੱਛੇ ਸ਼ਗਨਪ੍ਰੀਤ ਦਾ ਹੱਥ ਹੈ, ਫਿਰ ਉਸ ਤੋਂ ਬਦਲਾ ਲੈਣ ਵਿੱਚ ਕੀ ਝਿਜਕ ਸੀ। ਉਨ੍ਹਾਂ ਕਿਹਾ ਕਿ ਕਿਸੇ ਹੋਰ ਨੂੰ ਸਜ਼ਾ ਕਿਉਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਗੈਂਗਸਟਰਾਂ ਦੇ ਇੱਕ ਹਿੱਸੇ ਨਾਲ ਜੋੜਨ ਦੀ ਕੋਸ਼ਿਸ਼ ਕਰਨਾ ਬਿਲਕੁਲ ਗ਼ਲਤ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਉਹ ਪੁਲੀਸ ਤੋਂ ਪੁੱਛਣਾ ਚਾਹੁੰਦੇ ਹਨ ਕਿ ਲਾਰੈਂਸ ਨੂੰ ਮਹਿਮਾਨ ਬਣਾ ਕੇ ਸਖ਼ਤ ਸੁਰੱਖਿਆ ਹੇਠ ਕਿਉਂ ਘੁੰਮਾਇਆ ਜਾ ਰਿਹਾ ਹੈ।