ਜਲੰਧਰ (ਪਾਲ ਸਿੰਘ ਨੌਲੀ): ਪੰਜਾਬ ਵਿੱਚ ਕਾਂਗਰਸ ਦੀ ਸਿਆਸਤ ਪਿਛਲੇ ਦੋ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਦੁਆਲੇ ਹੀ ਘੁੰਮ ਰਹੀ ਹੈ। ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਮਿਲਣ ਦਾ ਸ਼ੁਰੂ ਕੀਤਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਰਾਤ ਨੂੰ ਉਹ ਜਲੰਧਰ ਵਿੱਚ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਘਰ ਗਏ। ਉਥੇ ਕੁਝ ਸਮਾਂ ਰੁਕਣ ਤੋਂ ਬਾਅਦ ਉਹ ਸਿੱਧੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਘਰ ਗਏ। ਕਾਂਗਰਸ ਦੇ ਦੋ ਵਿਧਾਇਕਾਂ ਸੁਸ਼ੀਲ ਰਿੰਕੂ ਤੇ ਰਾਜਿੰਦਰ ਬੇਰੀ ਨੇ ਸਿੱਧੂ ਦੀ ਫੇਰੀ ਤੋਂ ਦੂਰੀ ਬਣਾ ਕੇ ਰੱਖੀ। ਸਿੱਧੂ ਨਾਲ ਜਲੰਧਰ ਛਾਉਣੀ ਤੋਂ ਉਨ੍ਹਾਂ ਦੇ ਦੋਸਤ ਗਿਣੇ ਜਾਂਦੇ ਵਿਧਾਇਕ ਪਰਗਟ ਸਿੰਘ ਅਤੇ ਟਾਂਡਾ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆ ਤੇ ਬਾਵਾ ਹੈਨਰੀ ਹਾਜ਼ਰ ਸਨ। ਸਿੱਧੂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਅਵਤਾਰ ਹੈਨਰੀ ਦੇ ਘਰ ਬੜੇ ਲੰਮੇ ਸਮੇਂ ਬਾਅਦ ਸਿਆਸੀ ਚਹਿਲ-ਪਹਿਲ ਦੇਖਣ ਨੂੰ ਮਿਲੀ ਹੈ। ਉਥੇ ਸਿੱਧੂ, ਪਰਗਟ ਤੇ ਬਾਵਾ ਹੈਨਰੀ ਵਿੱਚ ਇੱਕਲਿਆਂ ਵੀ ਕੁਝ ਸਮੇਂ ਲਈ ਗੱਲਬਾਤ ਹੋਈ ਦੱਸੀ ਜਾਂਦੀ ਹੈ। ਹੈਨਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਿੱਧੂ ਸਿੱਧਾ ਕੇਪੀ ਦੇ ਘਰ ਪਹੁੰਚੇ। ਕੇਪੀ ਨੂੰ ਵੀ ਕੈਪਟਨ ਵਿਰੋਧੀ ਖੇਮੇ ਵਿੱਚ ਗਿਣਿਆ ਜਾਂਦਾ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਵੀ ਕੈਪਟਨ ਅਮਰਿੰਦਰ ਸਿੰਘ ਕੇਪੀ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਗਏ ਸਨ। ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਾਜਿੰਦਰ ਬੇਰੀ ਤੇ ਜਲੰਧਰ ਪੱਛਮੀ ਤੋਂ ਸੁਸ਼ੀਲ ਰਿੰਕੂ ਨੇ ਸਿੱਧੂ ਦੀ ਫੇਰੀ ਤੋਂ ਦੂਰੀ ਬਣਾ ਕੇ ਰੱਖੀ। ਇਨ੍ਹਾਂ ਦੋਵੇਂ ਵਿਧਾਇਕਾਂ ਨੂੰ ਕੈਪਟਨ ਦੇ ਖੇਮੇ ਵਿੱਚ ਮੰਨਿਆ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਜਦੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਨ ਤਾਂ ਉਨ੍ਹਾਂ ਵੱਲੋਂ ਨਾਜ਼ਾਇਜ ਬਿਲਡਿੰਗਾਂ ਵਿਰੁੱਧ ਚਲਾਈ ਗਈ ਮੁਹਿੰਮ ਦਾ ਸ਼ੁਸ਼ੀਲ ਰਿੰਕੂ ਨੇ ਡਟਵਾ ਵਿਰੋਧ ਕੀਤਾ ਸੀ ਤੇ ਉਹ ਜੇਸੀਬੀ ਮਸ਼ੀਨ ’ਤੇ ਚੜ੍ਹ ਗਏ ਸਨ ਤੇ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਸਿੱਧੂ ਦੀ ਮੁਹਿੰਮ ਨੂੰ ਨਹੀਂ ਸੀ ਚੱਲਣ ਦਿੱਤਾ।