ਪਟਿਆਲਾ (ਸਰਬਜੀਤ ਸਿੰਘ ਭੰਗੂ): ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਅੱਜ ਸਿਹਤ ਖਰਾਬ ਹੋ ਗਈ। ਉਸ ਨੂੰ ਫੈਟੀ ਲਿਵਰ (ਜਿਗਰ ਵਿੱਚ ਮਾਸ ਵਧਣਾ) ਦੀ ਸਮੱਸਿਆ ਆਈ। ਉਹ ਪਹਿਲਾਂ ਤੋਂ ਹੀ ਪੈਰ ਵਿੱਚ ਖੂਨ ਦੀਆਂ ਗੰਢਾਂ (ਕਲੌਟਸ) ਬਣਨ ਦੀ ਬਿਮਾਰੀ ਤੋਂ ਵੀ ਪੀੜਤ ਹੈ। ਪਟਿਆਲਾ ਜੇਲ੍ਹ ਵਿਚਲੇ ਹਸਪਤਾਲ ’ਚ ਸੀਮਤ ਸਾਧਨ ਹੋਣ ਕਰਕੇ ਜੇਲ੍ਹ ਦੇ ਡਾਕਟਰਾਂ ਨੇ ਸਿੱਧੂ ਨੂੰ ਪੀਜੀਆਈ ਰੈਫਰ ਕਰ ਦਿੱਤਾ ਜਿਸ ਤਹਿਤ ਅੱਜ ਸਵੇਰੇ ਹੀ ਸਿੱਧੂ ਨੂੰ ਪੁਲੀਸ ਪੀਜੀਆਈ ਲੈ ਕੇ ਆਈ। ਉਨ੍ਹਾਂ ਦੇ ਵਕੀਲ ਐਚਪੀਐਸ ਵਰਮਾ ਨੇ ਦੱਸਿਆ ਕਿ ਡਾਕਟਰਾਂ ਨੇ ਟੈਸਟ ਖਾਤਰ ਖੂਨ ਦੇ ਸੈਂਪਲ ਲਏ ਸਨ ਪਰ ਦੇਰ ਸ਼ਾਮ ਤੱਕ ਰਿਪੋਰਟਾਂ ਆਉਣੀਆਂ ਬਾਕੀ ਸਨ ਜਿਸ ਕਰਕੇ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਗਿਆ। ਜੇਲ੍ਹ ਆਉਣ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਐਡਵੋਕੇਟ ਐਚਪੀਐਸ ਵਰਮਾ ਰਾਹੀਂ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਸਿਹਤ ਸਮੱਸਿਆ ਦੇ ਹਵਾਲੇ ਨਾਲ ਆਪਣੇ ਡਾਕਟਰ ਵੱਲੋਂ ਸੁਝਾਈ ਡਾਈਟ ਯਕੀਨੀ ਬਣਵਾਉਣ ’ਤੇ ਜ਼ੋਰ ਦਿੱਤਾ ਸੀ। ਅਦਾਲਤੀ ਹੁਕਮਾਂ ਮਗਰੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਿੱਧੂ ਨੂੰ ਵਿਸ਼ੇਸ਼ ਡਾਈਟ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਗੌਰਤਲਬ ਹੈ ਕਿ ਪਟਿਆਲਾ ਜੇਲ੍ਹ ਵਿਚ ਨਵਜੋਤ ਸਿੱਧੂ ਨਾਲ ਚਾਰ ਤੋਂ ਪੰਜ ਹੋਰ ਕੈਦੀ ਵੀ ਸਨ। ਇਥੇ ਸਿਰਫ ਛੱਤ ਵਾਲਾ ਪੱਖਾ ਹੀ ਚੱਲਦਾ ਹੈ। ਸਿੱਧੂ ਦੀ ਸਿਹਤ ਠੀਕ ਨਾ ਹੋਣ ਅਤੇ ਸੁਰੱਖਿਆ ਕਾਰਨਾਂ ਕਰਕੇ ਸਿਰਫ ਦਫ਼ਤਰੀ ਕੰਮ ਹੀ ਲਿਆ ਜਾ ਰਿਹਾ ਸੀ। ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਜੇਲ੍ਹ ਵਿਚ ਆਪਣੇ ਪਤੀ ਨਾਲ ਸਿਰਫ਼ ਇੱਕ ਵਾਰ ਹੀ ਮੁਲਾਕਾਤ ਕੀਤੀ ਹੈ। ਹਾਲ ਹੀ ’ਚ ਉਨ੍ਹਾਂ ਦਾ ਬੇਟਾ ਕਰਨ ਸਿੱਧੂ ਵੀ ਮੁਲਾਕਾਤ ਕਰ ਚੁੱਕਾ ਹੈ। ਉਹ ਸੀਨੀਅਰ ਆਗੂ ਲਾਲ ਸਿੰਘ ਨਾਲ ਪਿਤਾ ਨੂੰ ਮਿਲਣ ਆਇਆ ਸੀ।