ਚੰਡੀਗੜ੍ਹ, 21 ਅਕਤੂਬਰ
ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਟਵੀਟ ਰਾਹੀਂ ਕੀਤੇ ਸੱਜਰੇ ਹਮਲੇ ਦਾ ਜਵਾਬ ਦਿੰਦਿਆਂ ਕਿਹਾ, ‘‘ਤੂੰ ਕਿੰਨਾ ਵੱਡਾ ਧੋਖੇਬਾਜ਼ ਤੇ ਫਰੇਬੀ ਹੈਂ! ਤੂੰ ਮੇਰੀ 15 ਸਾਲ ਪੁਰਾਣੀ ਫ਼ਸਲੀ ਵਿਭਿੰਨਤਾ ਨਾਲ ਜੁੜੀ ਪਹਿਲਕਦਮੀ ਨੂੰ ਉਨ੍ਹਾਂ ਖੇਤੀ ਕਾਨੂੰਨਾਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰ ਰਿਹੈਂ, ਜਿਨ੍ਹਾਂ ਖਿਲਾਫ਼ ਮੈਂ ਅਜੇ ਵੀ ਲੜ ਰਿਹਾਂ ਤੇ ਜਿਨ੍ਹਾਂ ਨਾਲ ਮੈਂ ਆਪਣੇ ਸਿਆਸੀ ਭਵਿੱਖ ਨੂੰ ਜੋੜਿਆ ਹੈ।’’ ਸਾਬਕਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵੱਲੋਂ ਕੀਤੇ ਟਵੀਟ ਵਿੱਚ ਕੈਪਟਨ ਦੀ ਹਵਾਲੇ ਨਾਲ ਕਿਹਾ ਗਿਆ, ‘‘ਸਾਫ਼ ਜ਼ਾਹਿਰ ਹੈ ਕਿ ਸਿੱਧੂ ਨੂੰ ਨਾ ਤਾਂ ਪੰਜਾਬ ਤੇ ਨਾ ਇਸ ਦੇ ਕਿਸਾਨਾਂ ਨਾਲ ਜੁੜੇ ਹਿਤਾਂ ਬਾਰੇ ਕੋਈ ਜਾਣਕਾਰੀ ਹੈ। ਤੁਹਾਨੂੰ ਫਸਲੀ ਵਿਭਿੰਨਤਾ ਤੇ ਖੇਤੀ ਕਾਨੂੰਨਾਂ ਵਿਚਲੇ ਫ਼ਰਕ ਦੀ ਭੋਰਾ ਵੀ ਸਮਝ ਨਹੀਂ ਹੈ। ਇਸ ਦੇ ਬਾਵਜੂਦ ਤੁਸੀਂ ਪੰਜਾਬ ਦੀ ਅਗਵਾਈ ਕਰਨ ਦੇ ਸੁਪਨੇ ਲੈ ਰਹੇ ਹੋ। ਜੇਕਰ ਅਜਿਹਾ ਹੋ ਗਿਆ ਤਾਂ ਕਿੰਨਾ ਭਿਆਨਕ ਹੋਵੇਗਾ।’’ ਅਮਰਿੰਦਰ ਨੇ ਸਿੱਧੂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਸਿੱਧੂ ਨੇ ਇਹ ਵੀਡੀਓ ਅਜਿਹੇ ਮੌਕੇ ਪੋਸਟ ਕੀਤੀ ਹੈ ਜਦੋਂ ਸਰਕਾਰ ਅਗਾਮੀ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸਮਿੱਟ ਦੇ ਪ੍ਰਚਾਰ ਪਾਸਾਰ ਲਈ ਪੂਰਾ ਟਿਲ ਲਾ ਰਹੀ ਹੈ। ਕੈਪਟਨ ਨੇ ਸਵਾਲ ਕੀਤਾ, ‘‘ਕੀ ਤੁਸੀਂ ਇਸ ਦਾ ਵੀ ਵਿਰੋਧ ਕਰੋਗੇ।’’ ਕੈਪਟਨ ਨੇ ਕਾਂਗਰਸ ਵੱਲੋਂ ਉਨ੍ਹਾਂ ਦੀ ਧਰਮਨਿਰਪੱਖਤਾ ਨੂੰ ਲੈ ਕੇ ਉਠਾਏ ਸਵਾਲ ’ਤੇ ਇਕ ਵੱਖਰੇ ਟਵੀਟ ਵਿੱਚ ਕਿਹਾ, ‘‘ਹਰੀਸ਼ ਰਾਵਤ ਜੀ ਧਰਮਨਿਰਪੱਖਤਾ ਦੀਆਂ ਗੱਲਾਂ ਕਰਨਾ ਬੰਦ ਕਰੋ। ਇਹ ਨਾ ਭੁੱਲੋ ਕਿ 14 ਸਾਲ ਭਾਜਪਾ ਵਿੱਚ ਰਹਿਣ ਮਗਰੋਂ (ਨਵਜੋਤ ਸਿੰਘ) ਸਿੱਧੂ ਨੂੰ ਕਾਂਗਰਸ ਨੇ ਪਾਰਟੀ ਵਿੱਚ ਦਾਖ਼ਲਾ ਦਿੱਤਾ ਸੀ ਅਤੇ ਨਾਨਾ ਪਟੋਲੇ ਤੇ ਰੇਵਨਾਥ ਰੈੱਡੀ ਜੇਕਰ ਆਰਐੱਸਐੱਸ ’ਚੋਂ ਨਹੀਂ ਤਾਂ ਫਿਰ ਕਿੱਥੋਂ ਆਏ ਹਨ? ਪਰਗਟ ਸਿੰਘ ਪਹਿਲਾਂ ਅਕਾਲੀਆਂ ਨਾਲ ਸੀ।’’ -ਪੀਟੀਆਈ
ਆਈਐਸਆਈ ਏਜੰਟ ਦਾ ਮੇਜ਼ਬਾਨ ਕੈਪਟਨ ਭਾਜਪਾ ਲਈ ਦੇਸ਼ ਭਗਤ: ਚੀਮਾ
ਚੰਡੀਗੜ੍ਹ (ਟਨਸ): ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਦੇਸ਼ ਦੇ ਕਿਸਾਨ ਅਤਿਵਾਦੀ, ਵੱਖਵਾਦੀ ਅਤੇ ਖਾਲਿਸਤਾਨੀ ਲਗਦੇ ਹਨ, ਪਰ ਪਾਕਿਸਤਾਨੀ ਏਜੰਸੀ ਆਈਐੱਸਆਈ ਦੀ ਏਜੰਟ ਨੂੰ ਮਹਿਮਾਨ ਬਣਾ ਕੇ ਘਰ ’ਚ ਰੱਖਣ ਵਾਲਾ ਕੈਪਟਨ ਅਮਰਿੰਦਰ ਸਿੰਘ ਦੇਸ਼ ਭਗਤ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਸੱਤਾ ’ਤੇ ਕਾਬਜ਼ ਹੋਣ ਦੀ ਲਾਲਸਾ ਰੱਖਣ ਵਾਲੀ ਭਾਜਪਾ ਅਤੇ ਮੋਦੀ ਅੱਜ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸਾਬਕਾ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਭਗਤ ਆਖ ਕੇ ਉਸ ਦੇ ਗੁਣ ਗਾਉਣ ਲੱਗੇ ਹਨ। ਸ੍ਰੀ ਚੀਮਾ ਨੇ ਕਿਹਾ ਕਿ ‘ਆਪ’ ਵੱਲੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੇ ਜਾਂਦੇ ਸਵਾਲਾਂ ਤੋਂ ਕਾਂਗਰਸ ਦੇ ਮੰਤਰੀ ਤੇ ਸੰਤਰੀ ਹਰ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਂਦੇ ਰਹੇ ਹਨ। ‘ਆਪ’ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਤੋਂ ਮੰਗ ਕੀਤੀ ਕਿ ਉਹ ਅਰੂਸਾ ਆਲਮ ਦੀ ਉਚ ਪੱਧਰੀ ਜਾਂਚ ਕਰਾਉਣ ਅਤੇ ਕੈਪਟਨ ਖਿਲਾਫ਼ ਸਖ਼ਤ ਕਾਰਵਾਈ ਕਰਨ।