ਖੇਤਰੀ ਪ੍ਰਤੀਨਿਧ
ਪਟਿਆਲਾ, 15 ਜੁਲਾਈ
ਸੜਕੀ ਝਗੜੇ ਦੇ ਇੱਕ ਕੇਸ ’ਚ ਹੋਈ ਇੱਕ ਸਾਲ ਦੀ ਕੈਦ ਤਹਿਤ ਪਟਿਆਲਾ ਜੇਲ੍ਹ ’ਚ ਬੰਦ ਕਾਂਗਰਸੀ ਆਗੂ ਨਵਜੋਤ ਸਿੱਧੂ ਪਹਿਲਾਂ ਹੀ ਫੈਟੀ ਲਿਵਰ ਦੀ ਸਮੱਸਿਆ ਨਾਲ ਜੂਝ ਰਹੇ ਸਨ ਤੇ ਹੁਣ ਉਨ੍ਹਾਂ ਦੇ ਗੋਡਿਆਂ ਵਿੱਚ ਵੀ ਦਰਦ ਰਹਿਣ ਲੱਗ ਪਿਆ ਹੈ। ਉੱਠਣ ਲਈ ਉਨ੍ਹਾਂ ਨੂੰ ਸਹਾਰਾ ਲੈਣਾ ਪੈ ਰਿਹਾ ਹੈ, ਇਥੋਂ ਤੱਕ ਕਿ ਪਖਾਨੇ ਵਾਲੀ ਸੀਟ ਤੋਂ ਵੀ ਉਨ੍ਹਾਂ ਨੂੰ ਦੋ ਸਾਥੀ ਕੈਦੀ ਸਹਾਰਾ ਦੇ ਕੇ ਉਠਾਉਂਦੇ ਹਨ। ਮੈਡੀਕਲ ਜਾਂਚ ਲਈ ਅੱਜ ਜੇਲ੍ਹ ਪੁੱਜੀ ਡਾਕਟਰਾਂ ਦੀ ਟੀਮ ਨੇ ਗੋਡੇ ’ਚ ਤਕਲੀਫ਼ ਦਾ ਮੁੱਖ ਕਾਰਨ ਫਰਸ਼ ’ਤੇ ਪੈਣਾ ਦੱਸਿਆ ਹੈ। ਸਿੱਧੂ ਦਾ ਭਾਰ ਅਤੇ ਕੱਦ ਵੱਡਾ ਹੋਣ ਕਾਰਨ ਫਰਸ਼ ਤੋਂ ਵਾਰ-ਵਾਰ ਉੱਠਣ ਕਰਕੇ ਉਨ੍ਹਾਂ ਦੇ ਗੋਡਿਆਂ ਦਾ ਦਰਦ ਵਧ ਗਿਆ ਹੈ। ਸੂਤਰਾਂ ਮੁਤਾਬਕ ਜਾਂਚ ਮਗਰੋਂ ਡਾਕਟਰਾਂ ਦੀ ਟੀਮ ਨੇ ਇਸ ਤਕਲੀਫ਼ ਤੋਂ ਰਾਹਤ ਲਈ ਸਿੱਧੂ ਨੂੰ ਬੈੱਡ ’ਤੇ ਪਾਉਣ ਅਤੇ ਉੱਚੀ ਟੁਆਇਲਟ ਸੀਟ ਬਣਵਾਉਣ ਦਾ ਸੁਝਾਅ ਦਿੱਤਾ ਹੈ। ਇਸ ਮਗਰੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਿੱਧੂ ਨੂੰ ਅੱਜ ਹੀ ਬੈੱਡ ਵਜੋਂ ਤਖ਼ਤਪੋਸ਼ ਦੇ ਦਿੱਤਾ ਗਿਆ ਹੈ ਤੇ ਭਲਕ ਤੱਕ ਟੁਆਇਲਟ ਸੀਟ ਵੀ ਬਦਲ ਦਿੱਤੀ ਜਾਵੇਗੀ।