ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜਨਵਰੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਭਖਦਿਆਂ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਹਨ, ਜਦਕਿ ਨਵਜੋਤ ਸਿੱਧੂ ਨੇ ਪਲਟਵਾਰ ਤੋਂ ਕਿਨਾਰਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਪਹਿਲਾ ਹੱਲਾ ਬੋਲਿਆ ਕਿ ਨਵਜੋਤ ਸਿੱਧੂ ਨੂੰ ਕੈਬਨਿਟ ਮੰਤਰੀ ਬਣਾਉਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਵੀ ਸਿਫ਼ਾਰਸ਼ ਆਈ ਸੀ, ਜਿਸ ਦਾ ਜੁਆਬ ਦੇਣ ਦੀ ਥਾਂ ਅੱਜ ਕਾਨਫਰੰਸ ਦੌਰਾਨ ਨਵਜੋਤ ਸਿੱਧੂ ਨੇ ਸਿਰਫ਼ ਇੰਨਾ ਹੀ ਕਿਹਾ, ‘ਮੈਂ ਕੁਝ ਨਹੀਂ ਕਹਾਂਗਾ, ਉਸ ਨੂੰ ਪੁੱਛੋ ਜੋ ਸੁਲਤਾਨ ਘੋੜੇ ਨੂੰ ਪਾਕਿਸਤਾਨ ਤੋਂ ਲਿਆਇਆ ਸੀ।’ ਸਿੱਧੂ ਨੇ ਕਿਹਾ ਕਿ ਅੱਜ ਉਹ ਸਿਰਫ਼ ਕੇਜਰੀਵਾਲ ’ਤੇ ਹੀ ਧਿਆਨ ਕੇਂਦਰਿਤ ਕਰਨਗੇ। ਅਮਰਿੰਦਰ ਸਿੰਘ ਨੇ ਅੱਜ ਟਵੀਟ ਕਰਕੇ ਕਿਹਾ ਕਿ ਨਵਜੋਤ ਸਿੱਧੂ ਨੇ ਰੇਤ ਮਾਫ਼ੀਆ ’ਚ ਸ਼ਾਮਲ ਵਿਧਾਇਕਾਂ ਨੂੰ ਉਨ੍ਹਾਂ ਖ਼ਿਲਾਫ਼ ਬਗ਼ਾਵਤ ਵਿੱਚ ਅਗਵਾਈ ਦਿੱਤੀ ਅਤੇ ਅਜਿਹੇ ਵਿਧਾਇਕਾਂ ਨੂੰ ਪਨਾਹ ਦੇਣ ਵਿੱਚ ਸਿੱਧੂ ਨੇ ਪੂਰੀ ਦਿਲਚਸਪੀ ਦਿਖਾਈ।
ਖਹਿਰਾ ਨੇ ਰਾਣਾ ਨੂੰ ਹੰਕਾਰੀ ਤੇ ਦਾਗ਼ੀ ਮੰਤਰੀ ਦੱਸਿਆ
ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਹੰਕਾਰੀ ਤੇ ਦਾਗ਼ੀ ਮੰਤਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਕਰਨ ਤੋਂ ਪਹਿਲਾਂ ਆਪਣੇ ਲੜਕੇ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਪਿੜ ਵਿੱਚੋਂ ਹਟਾਉਣ। ਆਪਣੇ ਫੇਸਬੁੱਕ ਅਕਾਊਂਟ ’ਤੇ ਇੱਕ ਪੋਸਟ ਪਾ ਕੇ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਹਰਾਉਣ ਲਈ ਆਪਣਾ ਇੱਕ ਕਰਿੰਦਾ ਪੰਜਾਬ ਲੋਕ ਕਾਂਗਰਸ ਵਿੱਚ ਭੇਜਿਆ ਹੈ ਅਤੇ ਇੱਕ ਨੂੰ ‘ਆਪ’ ਵਿੱਚ ਭੇਜਿਆ ਹੈ।