ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪਾਰਟੀ ਵੱਲੋਂ ਨਵੇਂ ਬਣਾਏ ਜ਼ਿਲ੍ਹਾ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨਾਂ ਨੂੰ ਅਗਲੀਆਂ ਚੋਣਾਂ ਦੀ ਤਿਆਰੀ ਲਈ ਥਾਪੜਾ ਦਿੱਤਾ। ਕਰੀਬ ਦੋ ਘੰਟੇ ਚੱਲੀ ਮੀਟਿੰਗ ਵਿਚ ਪਾਰਟੀ ਵਰਕਰਾਂ ਦੀ ਹੋਈ ਅਣਦੇਖੀ ਅਤੇ ਅਫ਼ਸਰਸ਼ਾਹੀ ਦੀ ਮਨਮਾਨੀ ਦਾ ਮਾਮਲਾ ਵੀ ਉੱਠਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨਾਂ ਨੇ ਆਪੋ-ਆਪਣੇ ਮਸ਼ਵਰੇ ਰੱਖੇ ਅਤੇ ਸਿੱਧੂ ਨੇ ਜਲਦੀ ਹੀ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਮੀਟਿੰਗਾਂ ਕਰਨ ਦਾ ਭਰੋਸਾ ਦਿੱਤਾ।
ਜ਼ਿਲ੍ਹਾ ਪ੍ਰਧਾਨਾਂ ਨੇ ਸਿੱਧੂ ਨੂੰ ਪਾਰਟੀ ਦੀ ਜ਼ਮੀਨੀ ਹਕੀਕਤ ਤੋਂ ਜਾਣੂੰ ਕਰਵਾਇਆ ਅਤੇ ਚੋਣ ਮਨੋਰਥ ਪੱਤਰ ਤਿਆਰ ਕਰਨ ਸਬੰਧੀ ਮਸ਼ਵਰੇ ਵੀ ਦਿੱਤੇ। ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਅਸਲ ਵਿਚ ਜ਼ਿਲ੍ਹਾ ਪ੍ਰਧਾਨ ਹੀ ਪਾਰਟੀ ਦੀ ਮੁੱਖ ਫੋਰਸ ਹੁੰਦੇ ਹਨ, ਜਿਨ੍ਹਾਂ ਨੇ ਵਰਕਰਾਂ ਨੂੰ ਸਰਗਰਮ ਕਰਨਾ ਹੁੰਦਾ ਹੈ। ਸਿੱਧੂ ਨੇ ਕਿਹਾ ਕਿ ਇਹ ਅੱਜ ਜਾਣ-ਪਛਾਣ ਲਈ ਰੱਖੀ ਗਈ ਮੀਟਿੰਗ ਸੀ। ਉਹ ਜਲਦੀ ਹੀ ਹੋਰ ਮੀਟਿੰਗਾਂ ਵੀ ਕਰਨਗੇ। ਅੱਜ ਮੀਟਿੰਗ ਵਿਚ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਪੁੱਜੇ ਹੋਏ ਸਨ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਡੈਨੀ ਵੀ ਸ਼ਾਮਲ ਸਨ। ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਭਲਕੇ ਪ੍ਰਦੇਸ਼ ਚੋਣ ਕਮੇਟੀ ਦੀ ਮੀਟਿੰਗ ਵੀ ਸੱਦੀ ਹੈ। ਭਲਕੇ ਕਾਂਗਰਸ ਭਵਨ ਵਿਚ ਸ਼ਾਮ ਨੂੰ ਪ੍ਰਦੇਸ਼ ਚੋਣ ਕਮੇਟੀ ਦੀ ਮੀਟਿੰਗ ਹੋਵੇਗੀ, ਜਿਸ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੁੱਜਣਗੇ। ਇਸ ’ਚ ਕੁੱਲ 29 ਮੈਂਬਰ ਬਣਾਏ ਗਏ ਹਨ। ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਦੀ ਹਮਾਇਤ ’ਚ ਪਾਰਟੀ ਵੱਲੋਂ ਜੰਤਰ ਮੰਤਰ ’ਚ ਧਰਨਾ ਦੇਣ ਵਾਲੇ ਸੰਸਦ ਮੈਂਬਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਸਿੱਧੂ ਤੇ ਕ੍ਰਿਕਟਰ ਹਰਭਜਨ ਸਿੰਘ ਦੀ ਮੁਲਾਕਾਤ ਨੇ ਨਵੀਂ ਚਰਚਾ ਛੇੜੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਕ੍ਰਿਕਟਰ ਹਰਭਜਨ ਸਿੰਘ ਨਾਲ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਨਵਜੋਤ ਸਿੱਧੂ ਨੇ ਅੱਜ ਹਰਭਜਨ ਸਿੰਘ ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਲਿਖਿਆ, ‘‘ਸੰਭਾਵਨਾਵਾਂ ਨਾਲ ਭਰੀ ਤਸਵੀਰ। ਸ਼ਾਈਨਿੰਗ ਸਟਾਰ ਹਰਭਜਨ ਸਿੰਘ।’’ ਇਸ ਦੇ ਕਈ ਮਾਅਨੇ ਕੱਢੇ ਜਾ ਰਹੇ ਹਨ। ਕ੍ਰਿਕਟਰ ਹਰਭਜਨ ਸਿੰਘ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਕਿਹਾ, ‘‘ਉਹ ਤਸਵੀਰ ਹੀ ਸਭ ਕੁੱਝ ਬਿਆਨ ਕਰ ਰਹੀ ਹੈ। ਬਹੁਤ ਸਾਰੀਆਂ ਸੰਭਾਵਨਾਵਾਂ।’’