ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ-ਪਾਕਿ ਵਿਚਾਲੇ ਦੁਵੱਲਾ ਵਪਾਰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਿਲਕ ਰੂਟ ਖੋਲ੍ਹਦਿਆਂ ਇਸ ਨਾਲ ਜੁੜੇ 34 ਮੁਲਕਾਂ ਨਾਲ ਵਪਾਰਕ ਸਬੰਧ ਬਣਾਉਣੇ ਚਾਹੀਦੇ ਹਨ। ਉਹ ਅੱਜ ਇਥੇ ਅੰਤਰਰਾਸ਼ਟਰੀ ਪਾਇਟੈਕਸ ਵਪਾਰ ਮੇਲੇ ’ਚ ਪੁੱਜੇ ਸਨ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸਰਹੱਦ ਰਸਤੇ ਦੁਵੱਲਾ ਵਪਾਰ ਮੁੜ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੁਰਾਤਨ ਸਿਲਕ ਰੂਟ ਨਾਲ ਜੁੜੇ 34 ਮੁਲਕਾਂ ਨਾਲ ਆਪਸੀ ਸਬੰਧ ਸੁਖਾਵੇਂ ਬਣਾਏ ਜਾਣ ਅਤੇ ਵਪਾਰ ਵਧਾਇਆ ਜਾਵੇ। ਜੇ ਮੁੰਬਈ-ਕਰਾਚੀ ਰਾਹੀਂ ਵਪਾਰ ਹੋ ਸਕਦਾ ਹੈ ਤਾਂ ਅੰਮ੍ਰਿਤਸਰ-ਲਾਹੌਰ ਰਸਤੇ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ’ਚ ਆਪਸੀ ਤਾਲਮੇਲ, ਭਾਈਚਾਰਾ ਤੇ ਮੇਲ-ਮਿਲਾਪ ਵਧਣਾ ਚਾਹੀਦਾ ਹੈ।
ਗੁਰਦੁਆਰਾ ਕਰਤਾਰਪੁਰ ਲਾਂਘਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤਕ 67 ਹਜ਼ਾਰ ਲੋਕ ਮੱਥਾ ਟੇਕਣ ਲਈ ਜਾ ਚੁੱਕੇ ਹਨ ਅਤੇ ਇਸ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਜੇ ਇਸ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣ ਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂ ਦੋ ਦਿਨ ਠਹਿਰਦੇ ਹਨ ਤਾਂ ਇਸ ਨਾਲ ਸੈਰ-ਸਪਾਟਾ ਤੇ ਵਪਾਰ ਵੀ ਵਧੇਗਾ। ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਐਲਾਨਾਂ ਬਾਰੇ ਸਿੱਧੂ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ ਮਾਇਕ ਮਦਦ ਨਾਮੀ ‘ਭੀਖ’ ਦੀ ਲੋੜ ਨਹੀਂ ਹੈ।
ਵਿਦਿਆਰਥਣਾਂ ਦੇ ਸਵਾਲਾਂ ’ਤੇ ਸਿੱਧੂ ਨੇ ਆਪਣੀ ਸਰਕਾਰ ਘੇਰੀ
ਜਲੰਧਰ (ਪਾਲ ਸਿੰਘ ਨੌਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੇਐੱਮਵੀ ਕਾਲਜ ਵਿੱਚ ਕਰਵਾਏ ਗਏ ‘ਪੰਜਾਬ ਦਾ ਭਵਿੱਖ’ ਪ੍ਰੋਗਰਾਮ ’ਚ ਵਿਦਿਆਰਥਣਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਆਪਣੀ ਹੀ ਸਰਕਾਰ ’ਤੇ ਵਾਰ ਕੀਤੇ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਅਗਾਮੀ ਚੋਣਾਂ ’ਚ ਜਿਹੜੇ ਆਗੂ ਵੋਟਾਂ ਮੰਗਣ ਆਉਣ, ਉਨ੍ਹਾਂ ਨੂੰ ਸਵਾਲ ਕੀਤਾ ਜਾਵੇ ਕਿ ਜਿਹੜੇ ਵਾਅਦੇ ਉਹ ਕਰ ਰਹੇ ਹਨ, ਉਨ੍ਹਾਂ ਲਈ ਪੈਸਾ ਕਿੱਥੋਂ ਆਏਗਾ? ਵਿਦਿਆਰਥਣ ਜਸਦੀਪ ਕੌਰ ਨੇ ਸਿੱਧੂ ਨੂੰ ਸਵਾਲ ਕੀਤਾ ਕਿ ਪੰਜਾਬ ਦੇ ਨੌਜਵਾਨ ਸਿੱਖਿਆ ਵਿਚ ਅੱਵਲ ਰਹਿ ਕੇ ਵੀ ਵਿਦੇਸ਼ਾਂ ਨੂੰ ਕਿਉਂ ਦੌੜ ਰਹੇ ਹਨ, ਉਨ੍ਹਾਂ ਨੂੰ ਇਥੇ ਕੰਮ ਕਿਉਂ ਨਹੀਂ ਮਿਲ ਰਿਹਾ? ਸ੍ਰੀ ਸਿੱਧੂ ਨੇ ਕਿਹਾ ਕਿ ਕੋਈ ਆਗੂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਦਾ ਹੈ ਤੇ ਕੋਈ ਕਹਿੰਦਾ ਹੈ ਕਿ ਉਹ 26 ਲੱਖ ਨੌਕਰੀਆਂ ਦੇਵੇਗਾ। ਉਨ੍ਹਾਂ ਕਿਹਾ ਕਿ ਜੇ 26 ਲੱਖ ਨੌਕਰੀਆਂ ਦੇਣੀਆਂ ਹਨ ਤਾਂ ਉਸ ਲਈ ਸਾਲ ਦੇ 93 ਹਜ਼ਾਰ ਕਰੋੜ ਰੁਪਏ ਕਿੱਥੋਂ ਆਉਣਗੇ। ਇਸ ਦੌਰਾਨ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਤੇ ਸਨਅਤੀ ਖੇਤਰ ਵਿੱਚ ਪਾੜਾ ਘਟਾਉਣ ਦੀ ਲੋੜ ਹੈ। ਨੌਜਵਾਨਾਂ ਨੂੰ ਪੜ੍ਹ-ਲਿਖ ਕੇ ਵੀ ਕੰਮ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸਿੱਖਿਆ ਨੀਤੀ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਸਨਅਤ ਦੀ ਲੋੜ ਪੂਰੀ ਕਰੇ।