ਦਵਿੰਦਰ ਪਾਲ
ਚੰਡੀਗੜ੍ਹ, 28 ਸਤੰਬਰ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਿੱਧੂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਭਾਜਪਾ ਆਗੂ ਨੇ ਕਿਹਾ ਕਿ ਸਿੱਧੂ ਦੀ ਇੱਛਾ ਬਹੁਤ ਉੱਚੀ ਹੈ ਅਤੇ ਉਹ ਆਪਣੇ-ਆਪ ਨੂੰ ਕਾਂਗਰਸ ਹਾਈਕਮਾਨ ਸਮਝਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਜੋ ਉਹ ਕਹਿ ਰਹੇ ਹਨ ਜਾਂ ਕਰ ਰਹੇ ਹਨ ਸਿਰਫ ਉਹ ਸਹੀ ਹੈ, ਜੋ ਕਿ ਕਿਸੇ ਵੀ ਸੰਗਠਨ ਵਿੱਚ ਕਦੇ ਵੀ ਸੰਭਵ ਨਹੀਂ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਕਿ ਉਹ ਪੰਜਾਬ ਦੇ ਹਿੱਤਾਂ ਅਤੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦੇ, ਜਦਕਿ ਸਿੱਧੂ ਆਪਣੇ ਭਵਿੱਖ ਅਤੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਸਿੱਧੂ ਵੱਲੋਂ ਰਚਾਏ ਗਏ ਖੇਡ ਨਾਲ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਹਰਾਇਆ, ਪਰ ਮੁੱਖ ਮੰਤਰੀ ਬਣਨ ਦਾ ਉਨ੍ਹਾਂ ਦਾ ਸੁਫ਼ਨਾ ਮੁੜ ਚਕਨਾਚੂਰ ਹੋ ਗਿਆ। ਸਿੱਧੂ ਹਾਈਕਮਾਨ ਵਲੋਂ ਬਣਾਏ ਗਏ ਮੁੱਖ ਮੰਤਰੀ ਨੂੰ ਆਪਣੀ ਕਠਪੁਤਲੀ ਬਣਾ ਕੇ ਰੱਖਣਾ ਚਾਹੁੰਦੇ ਸਨ, ਪਰ ਉਹ ਸੁਫ਼ਨਾ ਵੀ ਚਕਨਾਚੂਰ ਹੋ ਗਿਆ।