ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਨਵੰਬਰ
ਨੌਕਰੀ ਦੌਰਾਨ ਫੌਤ ਹੋਏ ਪਾਵਰਕੌਮ ਮੁਲਾਜ਼ਮਾਂ ਦੇ ਵਾਰਸਾਂ ਵੱੱਲੋਂ ਨੌਕਰੀ ਦੀ ਮੰਗ ਲਈ ਚਾਰ ਦਿਨਾਂ ਤੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱੱਧੂ ਨੇ ਖਤਮ ਕਰਵਾਇਆ। ਨਵਜੋਤ ਸਿੱਧੂ ਨੇ ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਦੀ ਛੱਤ ’ਤੇ ਮਰਨ ਵਰਤ ’ਤੇ ਬੈਠੇ 11 ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸਿੱਧੂ ਨੇ ਉਨ੍ਹਾਂ ਦੀ ਨੌਕਰੀ ਸਬੰਧੀ ਮੰਗ ਦਾ ਮਾਮਲਾ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ, ਜਿਸ ਮਗਰੋਂ ਸਿੱਧੂ ਹੱਥੋਂ ਜੂਸ ਪੀ ਕੇ ਉਨ੍ਹਾਂ ਮਰਨ ਵਰਤ ਸਮਾਪਤ ਕਰ ਦਿੱਤਾ ਪਰ ਮੰਗ ਦੀ ਪੂਰਤੀ ਤੱਕ ਧਰਨਾ ਜਾਰੀ ਰੱਖਣ ਦਾ ਫੈਸਲਾ ਲਿਆ।
ਜ਼ਿਕਰਯੋਗ ਹੈ ਕਿ ਪਾਵਰਕੌਮ ’ਚ ਨੌਕਰੀ ਦੌਰਾਨ ਫੌਤ ਹੋਏ ਹਜ਼ਾਰਾਂ ਹੀ ਮੁਲਾਜ਼ਮਾਂ ਦੇ ਵਾਰਸਾਂ ਨੂੰ ਉਨ੍ਹਾਂ ਦੀ ਥਾਂ ਨੌਕਰੀ ਨਹੀਂ ਮਿਲੀ ਸੀ। ਇਸ ਮਗਰੋਂ ਮੈਨੇਜਮੈਂਟ ਨੇ ਪੈਨਸ਼ਨ ਅਤੇ ਫੰਡ ਸਕੀਮ ਲਿਆਂਦੀ। ਬਹੁਤੇ ਪੀੜਤ ਭਾਵੇਂ ਉਸ ਸਕੀਮ ਨਾਲ ਸਹਿਮਤ ਹੋ ਗਏ ਪਰ ਸੈਂਕੜੇ ਪਰਿਵਾਰਾਂ ਨੇ ਇਸ ਸਕੀਮ ਦਾ ਲਾਭ ਨਾ ਲਿਆ। ਉਹ ਪੀੜਤ ਪਰਿਵਾਰ ਹੁਣ ‘ਮ੍ਰਿਤਕ ਮੁਲਾਜ਼ਮ ਆਸ਼ਰਿਤ ਸੰਘਰਸ਼ ਕਮੇਟੀ’ ਦੇ ਬੈਨਰ ਹੇਠ ਸੰਗਠਤ ਹੋ ਕੇ ਸੂਬਾਈ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਨੌਕਰੀ ਦੀ ਮੰਗ ਕਰ ਰਹੇ ਹਨ। ਇਸੇ ਤਹਿਤ ਉਨ੍ਹਾਂ ਦੋ ਮਹੀਨਿਆਂ ਤੋਂ ਪਾਵਰਕੌਮ ਦੇ ਇੱਥੇ ਸਥਿਤ ਮੁੱਖ ਦਫ਼ਤਰ ਦੇ ਅੰਦਰ, ਬਾਹਰ ਅਤੇ ਛੱਤ ’ਤੇ ਪੱੱਕਾ ਮੋਰਚਾ ਲਾਇਆ ਹੋਇਆ ਹੈ।
ਇਨ੍ਹਾਂ ’ਚੋਂ ਇੱਕ ਨੇ ਪਿਛਲੇ ਮਹੀਨੇ ਜ਼ਹਿਰੀਲੀ ਵਸਤੂ ਨਿਗਲ ਲਈ ਸੀ। ਚਾਰ ਨੇ ਅੱਗ ਲਾਉਣ ਲਈ ਆਪਣੇ ਉਪਰ ਤੇਲ ਛਿੜਕ ਲਿਆ ਸੀ। ਇੱਕ ਨੇ ਤਾਂ ਖੁਦ ਨੂੰ ਅੱਗ ਲਾ ਲਈ ਸੀ, ਜੋ ਉਸ ਦੇ ਸਾਥੀਆਂ ਨੇ ਬੁਝਾਈ। ਉਸੇ ਦਿਨ ਹੀ ਮੈਨੇਜਮੈਂਟ ਨੇ ਇਨ੍ਹਾਂ ਦੀ 12 ਨਵੰਬਰ ਨੂੰ ਸਰਕਾਰ ਨਾਲ ਮੀਟਿੰਗ ਮੁਕੱਰਰ ਕਰਵਾਈ ਸੀ। ਜਦੋਂ ਮੀਟਿੰਗ ਨਾ ਹੋਈ ਤਾਂ ਛੱਤ ’ਤੇ ਬੈਠੇ 11 ਮੈਂਬਰਾਂ ਨੇ 12 ਨਵੰਬਰ ਦੀ ਰਾਤ ਤੋਂ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ, ਜੋ ਨਵਜੋਤ ਸਿੱਧੂ ਨੇ ਅੱਜ ਇਥੇ ਪਹੁੰਚ ਕੇ ਤੁੜਵਾਇਆ।
ਮੁਲਾਜ਼ਮਾਂ ਅਤੇ ਪਾਵਰਕੌਮ ਮੈਨੇਜਮੈਂਟ ਵਿਚਾਲੇ ਮੀਟਿੰਗ ਬੇਸਿੱਟਾ ਰਹੀ
ਪਟਿਆਲਾ: ਚਾਰ ਦਿਨਾਂ ਦੀ ਸਮੂਹਿਕ ਛੁੱਟੀ ’ਤੇ ਗਏ ਬਿਜਲੀ ਮੁਲਾਜ਼ਮਾਂ ਦੀਆਂ ਦਸ ਜਥੇਬੰਦੀਆਂ ’ਤੇ ਆਧਾਰਿਤ ‘ਪੀਐੱਸਈਬੀ ਜੁਆਇੰਟ ਫੋਰਮ’ ਦੇ ਆਗੂਆਂ ਅਤੇ ਪਾਵਰਕੌਮ ਦੀ ਮੈਨੇਜਮੈਂਟ ਵਿਚਾਲੇ ਮਸਲਾ ਹੱਲ ਕਰਨ ਲਈ ਅੱਜ ਹੋਈ ਮੀਟਿੰੰਗ ਬੇਸਿੱਟਾ ਰਹੀ। ਇਸ ਕਾਰਨ ਬਿਜਲੀ ਕਾਮਿਆਂ ਨੇ ਅੱਜ ਦੂਜੇ ਦਿਨ ਵੀ ਘਿਰਾਓ ਕਰ ਕੇ ਪਾਵਰਕੌਮ ਦੇ ਮੁੱਖ ਦਫ਼ਤਰ ਦਾ ਕੰਮ ਠੱਪ ਰੱਖਿਆ। ਫੋਰਮ ਦੇ ਸੂਬਾਈ ਆਗੂ ਕਰਮ ਚੰਦ ਭਾਰਦਵਾਜ ਨੇ ਦੱਸਿਆ ਕਿ ਅੱਜ ਪੰਜਾਬ ਭਰ ’ਚ ਹੋਰ ਥਾਵਾਂ ’ਤੇ ਵੀ ਰੋਸ ਮੁਜ਼ਾਹਰੇ ਕੀਤੇ ਗਏ। ਆਗੂਆਂ ਨੇ ਮੁੱਖ ਦਫ਼ਤਰ ਸਮੇਤ ਪੰਜਾਬ ਭਰ ’ਚ 17 ਅਤੇ 18 ਨਵੰਬਰ ਨੂੰ ਧਰਨੇ ਜਾਰੀ ਰੱਖਣ ਅਤੇ ਦੋ ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਕੀਤਾ।