ਡੇਰਾ ਬਾਬਾ ਨਾਨਕ/ਲਾਹੌਰ, 20 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੋਸਤੀ ਦਾ ਇੱਕ ਨਵਾਂ ਅਧਿਆਏ ਖੋਲ੍ਹਣ ਤੇ ਦੋਵਾਂ ਮੁਲਕਾਂ ਵਿਚਾਲੇ ਵਪਾਰ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਗੁਰੂ ਨਾਨਕ ਦੇਵ ਦੇ ਨਾਂ ’ਤੇ ਦੋਵਾਂ ਮੁਲਕਾਂ ਵਿਚਾਲੇ ਦੋਸਤੀ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਉਨ੍ਹਾਂ ਸੁਆਲ ਕੀਤਾ,‘ਵਿਸ਼ਵ ਜੰਗਾਂ ਮਗਰੋਂ ਜਿਨ੍ਹਾਂ ਵਿੱਚ ਕਰੋੜਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ, ਜੇਕਰ ਯੂਰਪ ਇੱਕ ਵੀਜ਼ਾ ’ਤੇ ਸਰਹੱਦਾਂ ਖੋਲ੍ਹ ਸਕਦਾ ਹੈ, ਇਸ ਦਾ ਇੱਕ ਪਾਸਪੋਰਟ ਤੇ ਇੱਕ ਕਰੰਸੀ ਹੋ ਸਕਦੀ ਹੈ ਤਾਂ ਸਾਡੇ ਖਿੱਤੇ ’ਚ ਅਜਿਹਾ ਕਿਉਂ ਨਹੀਂ ਹੋ ਸਕਦਾ, ਜਿੱਥੇ ਭਗਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਜਿਹੇ ਸੂਰਮੇ ਹੋਏ ਹਨ, ਜਿਨ੍ਹਾਂ ਦਾ ਹਰ ਵਿਅਕਤੀ ਸਨਮਾਨ ਕਰਦਾ ਹੈ।’ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਪਿਆਰ ਦੀ ਹਾਮੀ ਭਰਦੇ ਹਨ। ਇਸ ਮੌਕੇ ਦੋਵਾਂ ਮੁਲਕਾਂ ਵਿਚਾਲੇ ਵਪਾਰ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ,‘74 ਸਾਲ ਪਹਿਲਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਖੜ੍ਹੀਆਂ ਕੀਤੀਆਂ ਦੀਵਾਰਾਂ ਵਿੱਚ ਖਿੜਕੀਆਂ ਖੋਲ੍ਹਣ ਦੀ ਲੋੜ ਹੈ।’ ਇਸ ਮੌਕੇ ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕੌਰੀਡੋਰ ਖੋਲ੍ਹਣ ਦਾ ਕਦਮ ਚੁੱਕਣ ਲਈ ਸ਼ੁਕਰੀਆ ਅਦਾ ਕੀਤਾ।
ਕਰਤਾਰਪੁਰ ਕੌਰੀਡੋਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਦੇ ਸੀਈਓ ਮੁਹੰਮਦ ਲਤੀਫ਼ ਨੇ ਜਦੋਂ ਜ਼ੀਰੋ ਪੁਆਇੰਟ ’ਤੇ ਸ੍ਰੀ ਸਿੱਧੂ ਦਾ ਸੁਆਗਤ ਕੀਤਾ ਤੇ ਉਨ੍ਹਾਂ ਦੇ ਵਫ਼ਦ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਤਾਂ ਸ੍ਰੀ ਸਿੱਧੂ ਨੇ ਕਿਹਾ,‘ਇਮਰਾਨ ਖਾਨ ਮੇਰਾ ਵੱਡਾ ਭਰਾ ਹੈ। ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਉਸ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ।’ ਸ੍ਰੀ ਸਿੱਧੂ ਨੇ ਕੰਪਲੈਕਸ ਦਾ ਦੌਰਾ ਕੀਤਾ ਤੇ ਧਾਰਮਿਕ ਰਸਮਾਂ ਨਿਭਾਈਆਂ। ਇਸ ਮਗਰੋਂ ਉਨ੍ਹਾਂ ਤੇ ਵਫ਼ਦ ਦੇ ਮੈਂਬਰਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਸੰਭਾਲੇ ਜਾਂਦੇ ਰਹੇ ਖੇਤਾਂ ’ਚ ਪੈਦਾ ਹੋਈ ਕਣਕ ਅਤੇ ਸਬਜ਼ੀਆਂ ਤੋਂ ਤਿਆਰ ਲੰਗਰ ਛਕਾਇਆ ਗਿਆ। ਸ੍ਰੀ ਲਤੀਫ਼ ਮੁਤਾਬਕ ਕੌਰੀਡੋਰ ਮੁੜ ਖੋਲ੍ਹੇ ਜਾਣ ਦੇ ਚੌਥੇ ਦਿਨ ਅੱਜ ਸ਼ਨਿਚਰਵਾਰ ਤੱਕ 300 ਤੋਂ ਵੱਧ ਭਾਰਤੀ ਸਿੱਖਾਂ ਨੇ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ ਹੈ। -ਪੀਟੀਆਈ
ਦੋਵੇਂ ਮੁਲਕਾਂ ਨੂੰ ਆਪਸੀ ਪ੍ਰੇਮ ਤੇ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ: ਸਿੱਧੂ
ਡੇਰਾ ਬਾਬਾ ਨਾਨਕ (ਡਾ. ਰਜਿੰਦਰ ਸਿੰਘ/ਦਲਬੀਰ ਸੱਖੋਵਾਲੀਆ): ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਪਰਤੇ ਨਵਜੋਤ ਸਿੱਧੂ ਨੇ ਕਰਤਾਰਪੁਰ ਲਾਂਘੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਂਘਾ ਖੋਲ੍ਹਣ ਲਈ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਧੰਨਵਾਦ ਕੀਤਾ। ਇਮਰਾਨ ਖਾਨ ਨੂੰ ਭਰਾ ਕਹੇ ਜਾਣ ਬਾਰੇ ਉੱਠੇ ਵਿਵਾਦ ’ਤੇ ਸ੍ਰੀ ਸਿੱਧੂ ਨੇ ਕਿਹਾ ਕਿ ਜਦੋਂ ਉਹ ਪਿਛਲੀ ਵਾਰ ਗਏ ਸਨ, ਉਦੋਂ ਵੀ ਵਿਵਾਦ ਖੜ੍ਹਾ ਕੀਤਾ ਗਿਆ ਸੀ ਅਤੇ ਅੱਜ ਵੀ ਨਿੱਕੀਆਂ ਗੱਲਾਂ ਦਾ ਮੁੱਦਾ ਬਣਾਇਆ ਜਾ ਰਿਹਾ ਹੈ| ਸ੍ਰੀ ਸਿੱਧੂ ਨੇ ਕਿਹਾ ਕਿ ਦੁਨੀਆ ਜੋ ਮਰਜ਼ੀ ਆਖੀ ਜਾਵੇ, ਪਰ ਦੋਵਾਂ ਮੁਲਕਾਂ ਨੂੰ ਆਪਸੀ ਪ੍ਰੇਮ, ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਇਸ ਮੌਕੇ ਕਈ ਅਦਾਕਾਰਾਂ, ਖਿਡਾਰੀਆਂ ਤੇ ਗਾਇਕਾਂ ਦੇ ਨਾਂ ਲੈਂਦਿਆਂ ਕਿਹਾ ਕਿ ਇਹ ਸਭ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਹਨ। ਸ੍ਰੀ ਸਿੱਧੂ ਨੇ ਕਿਹਾ ਪਾਕਿਸਤਾਨ ਸਥਿਤ ਮੰਦਰਾਂ ਦੇ ਦਰਸ਼ਨਾਂ ਲਈ ਵੀ ਲਾਂਘੇ ਖੁੱਲ੍ਹਣੇ ਚਾਹੀਦੇ ਹਨ।
ਸਿੱਧੂ ਭਾਰਤ ਲਈ ਠੀਕ ਨਹੀਂ ਭਾਜਪਾ
ਨਵੀਂ ਦਿੱਲੀ: ਸ੍ਰੀ ਕਰਤਾਰਪੁਰ ਸਾਹਿਬ ਦੇ ਦੌਰੇ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਆਖਣ ’ਤੇ ਭਾਜਪਾ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਵਿਰੋਧੀ ਧਿਰ ਨੂੰ ਹਿੰਦੂਤਵ ’ਚ ਇਸਲਾਮਿਕ ਸਟੇਟ ਅਤੇ ਬੋਕੋ ਹਰਾਮ ਜਿਹੇ ਦਹਿਸ਼ਤੀ ਗੁੱਟ ਵਿਖਾਈ ਦਿੰਦੇ ਹਨ ਜਦਕਿ ਇਸ ਨੂੰ ਖਾਨ ’ਚ ‘ਭਾਈ ਜਾਨ’ ਨਜ਼ਰ ਆਉਂਦਾ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਹ ਸਾਰੇ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਹੋਰਾਂ ਵੱਲੋਂ ਹਿੰਦੂਤਵ ਖ਼ਿਲਾਫ਼ ਦਿੱਤੇ ਗਏ ਵਿਵਾਦਤ ਬਿਆਨ ਤਹਿਤ ਹੀ ਸਿੱਧੂ ਦੀ ਵੀ ਇਹ ਗੰਭੀਰ ਟਿੱਪਣੀ ਹੈ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਸਿੱਧੂ ਭਾਰਤ ਲਈ ਠੀਕ ਨਹੀਂ ਹਨ ਤੇ ਪੰਜਾਬ ਨੂੰ ਉਨ੍ਹਾਂ ਨਾਲੋਂ ਚੰਗੇ ਆਗੂ ਦੀ ਲੋੜ ਹੈ।’ -ਪੀਟੀਆਈ
ਮਨੀਸ਼ ਤਿਵਾੜੀ ਦਾ ‘ਛੋਟੇ ਭਰਾ’ ’ਤੇ ਤਨਜ਼
ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਦੱਸੇ ਜਾਣ ਮਗਰੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਿਆਸੀ ਹੁੱਝ ਮਾਰੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਭਾਵੇਂ ਉਹ ਕਿਸੇ ਦਾ ਵੀ ਵੱਡਾ ਭਰਾ ਹੋਵੇ ਪ੍ਰੰਤੂ ਪਾਕਿਸਤਾਨ, ਪੰਜਾਬ ਵਿਚ ਡਰੋਨ, ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਦਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਅਤਿਵਾਦੀ ਭੇਜੇ ਜਾਂਦੇ ਹਨ ਅਤੇ ਕੀ ਅਸੀਂ ਪੁਣਛ ਵਿਚ ਆਪਣੇ ਜਵਾਨਾਂ ਦੀ ਸ਼ਹਾਦਤ ਨੂੰ ਏਨੀ ਜਲਦੀ ਭੁੱਲ ਗਏ ਹਾਂ?
ਵਫ਼ਦ ਵੱਲੋਂ ਭਾਈਚਾਰਕ ਸਾਂਝ, ਖੁਸ਼ਹਾਲੀ, ਸ਼ਾਂਤੀ ਅਤੇ ਆਪਸੀ ਸਦਭਾਵਨਾ ਲਈ ਅਰਦਾਸ
ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ): ਇਸ ਮੌਕੇ ਵਫ਼ਦ ਵੱਲੋਂ ਭਾਈਚਾਰਕ ਸਾਂਝ, ਖਿੱਤੇ ਦੇ ਲੋਕਾਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਆਪਸੀ ਸਦਭਾਵਨਾ ਲਈ ਅਰਦਾਸ ਵੀ ਕੀਤੀ ਗਈ। ਜਥੇ ਵਿੱਚ ਮਾਲ ਤੇ ਮੁੜ ਵਸੇਬਾ ਮੰਤਰੀ ਅਰੁਣਾ ਚੌਧਰੀ, ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸੰਗਤ ਸਿੰਘ ਗਿਲਜੀਆਂ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਵਰਕਿੰਗ ਪ੍ਰਧਾਨ ਪਵਨ ਗੋਇਲ, ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇਪੀ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਅਮਿਤ ਵਿੱਜ ਤੇ ਰਾਜਿੰਦਰ ਸਿੰਘ ਅਤੇ ਸ਼ਾਮਲ ਸਨ। ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇੱਥੋਂ ਸਮੁੱਚੀ ਲੋਕਾਈ ਨੂੰ ਗੁਰੂ ਸਾਹਿਬਾਨ ਵੱਲੋਂ ਹਲੀਮੀ, ਏਕਤਾ, ਸ਼ਾਂਤੀ ਅਤੇ ਭਲਾਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਇਸ ਤੋਂ ਪਹਿਲਾਂ ਜਥੇ ਦਾ ਗੁਰਦਾਸਪੁਰ ਦੇ ਡੀਸੀ ਮੁਹੰਮਦ ਇਸ਼ਫਾਕ ਤੇ ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਹਰਪ੍ਰੀਤ ਸਿੰਘ ਨੇ ਸਵਾਗਤ ਕੀਤਾ।