ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਜੁਲਾਈ
ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੱਜ ਇਤਿਹਾਸਕ ਜਲ੍ਹਿਆਂਵਾਲਾ ਬਾਗ਼ ਵਿੱਚ ਸਾਂਭ ਸੰਭਾਲ ਅਤੇ ਉਸਾਰੀ ਦੇ ਚਲ ਰਹੇ ਕੰਮ ਦਾ ਜਾਇਜ਼ਾ ਲਿਆ। ਸ੍ਰੀ ਮਲਿਕ ਨੇ ਕਿਹਾ ਕਿ ਲਗਪਗ 80 ਫੀਸਦ ਕੰਮ ਪੂਰਾ ਹੋ ਗਿਆ ਹੈ ਅਤੇ ਬਾਕੀ ਰਹਿੰਦਾ ਕੰਮ ਵੀ ਅਗਲੇ ਦਿਨਾਂ ਵਿਚ ਮੁਕੰਮਲ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਭਾਰਤੀ ਪੁਰਾਤੱਤਵ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ। ਸ੍ਰੀ ਮਲਿਕ ਨੇ ਦੱਸਿਆ ਕਿ ਕੰਮ ਮੁਕੰਮਲ ਹੋਣ ਮਗਰੋਂ ਇਥੇ ਇਕ ਆਵਾਜ਼ ਅਤੇ ਰੌਸ਼ਨੀ ’ਤੇ ਆਧਾਰਿਤ ਸ਼ੋਅ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਯਾਦਗਾਰ ਦਾ ਸੁੰਦਰੀਕਰਨ ਲਗਪਗ 20 ਕਰੋੜ ਰੁਪਏ ਦੀ ਕੇਂਦਰੀ ਯੋਜਨਾ ਨਾਲ ਕੀਤਾ ਗਿਆ ਹੈ ਅਤੇ ਇਹ ਜਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਹੈ। ਚੇਤੇ ਰਹੇ ਕਿ ਜਲ੍ਹਿਆਂਵਾਲਾ ਬਾਗ ਨੂੰ ਉਸਾਰੀ ਕਾਰਜਾਂ ਲਈ ਫਰਵਰੀ ਮਹੀਨੇ ਬੰਦ ਕੀਤਾ ਗਿਆ ਸੀ ਅਤੇ 12 ਅਪਰੈਲ ਨੂੰ ਖੋਲ੍ਹਣ ਦੀ ਯੋਜਨਾ ਸੀ, ਪਰ ਕਰੋਨਾ ਮਹਾਮਾਰੀ ਕਰਕੇ ਕੰਮ ਦੀ ਰਫ਼ਤਾਰ ਮੱਠੀ ਪੈ ਗਈ। ਯਾਦਗਾਰ ਫਿਲਹਾਲ ਲੋਕਾਂ ਲਈ ਬੰਦ ਹੈ।