ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 20 ਮਾਰਚ
ਕੋਟਕਪੂਰਾ ਦੀ ਹੋਣਹਾਰ ਲੜਕੀ ਸ਼ਰੁਤੀ (19) ਨੇ ਆਇਲੈਟਸ ਵਿੱਚ 8 ਬੈਂਡ ਅਤੇ ਕੇਨੈਡਾ ਦਾ ਵੀਜ਼ਾ ਹਾਸਲ ਕਰਨ ਦੇ ਬਾਵਜੂਦ ਪੰਜਾਬ ’ਚ ਹੀ ਰਹਿ ਕੇ ਮੇਕਅੱਪ ਦੇ ਖੇਤਰ ’ਚ ਆਪਣਾ ਭਵਿੱਖ ਸੰਵਾਰਨ ਦੀ ਸ਼ੁਰੂਆਤ ਕੀਤੀ ਹੈ। ਸ਼ਰੁਤੀ ਅਰੋੜਾ ਨੇ ਦਿੱਲੀ ਵਿੱਚ ਦੁਬਈ ਦੀ ਇੱਕ ਕਾਸਮੈਟਿਕ ਕੰਪਨੀ ਵੱਲੋਂ ਕਰਵਾਏ ਜਾ ਰਹੇ ਮੇਕਅੱਪ ਮੁਕਾਬਲੇ ਵਿੱਚ ਪੰਜਾਬ ਵੱਲੋਂ ਹਿੱਸਾ ਲਿਆ। ਉਹ ਦੇਸ਼ ਭਰ ਦੇ ਲਗਪਗ 600 ਨੌਜਵਾਨ ਲੜਕੇ ਲੜਕੀਆਂ ਨਾਲ ਮੁਕਾਬਲਾ ਕਰਦੀ ਹੋਈ ਹੁਣ ਫਾਈਨਲ ਛੇ ਉਮੀਦਵਾਰਾਂ ਵਿੱਚ ਪਹੁੰਚ ਗਈ ਹੈ। ਸ਼ਰੁਤੀ ਨੇ ਦੱਸਿਆ ਕਿ ਇਹ ਉਸ ਦੀ ਦੋ ਸਾਲ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਸ ਨੇ ਕਰੋਨਾ ਦੌਰਾਨ ਵੀਡੀਓ ਬਣਾ ਕੇ ਇੰਟਰਨੈੱਟ ’ਤੇ ਪਾਉਣੀਆਂ ਸ਼ੁਰੂ ਕੀਤੀਆਂ ਸਨ, ਜਿਨ੍ਹਾਂ ਨੂੰ ਵੇਖ ਕੇ ਉਕਤ ਕੰਪਨੀ ਨੇ ਉਸ ਨੂੰ ਕਾਲ ਕੀਤੀ ਤੇ ਉਹ ਆਪਣੀ ਦਾਦੀ ਨਾਲ ਦਿੱਲੀ ਪਹੁੰਚੀ। ਸ਼ਰੁਤੀ ਕੋਟਕਪੂਰੇ ਦੇ ਪੁਰਾਣਾ ਸ਼ਹਿਰ ’ਚ ਵਸਦੇ ਇੱਕ ਸਾਧਾਰਨ ਪਰਿਵਾਰ ਦੀ ਧੀ ਹੈ ਤੇ ਉਸ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਮੇਕਅਪ ਕਰਨਾ ਉਸ ਦਾ ਸ਼ੌਕ ਹੈ। ਜੇਕਰ ਸ਼ਰੁਤੀ ਇਹ ਮੁਕਾਬਲਾ ਜਿੱਤ ਜਾਂਦੀ ਹੈ ਤਾਂ ਉਸ ਨੂੰ ਦੁਨੀਆਂ ਦੇ ਸਭ ਤੋਂ ਬਿਹਤਰੀਨ ਮੇਕਅੱਪ ਆਰਟਿਸਟਾਂ ਨਾਲ ਦੁਬਈ ਜਾਣ ਅਤੇ ਇਸ ਖੇਤਰ ਵਿੱਚ ਹੋਰ ਅੱਗੇ ਵਧਣ ਦਾ ਮੌਕਾ ਮਿਲੇਗਾ। ਹੁਣ ਫਾਈਨਲ ਸੂਚੀ ਲਈ ਵੋਟਿੰਗ ਹੋਣੀ ਹੈ, ਜਿਸ ਲਈ ਇੰਸਟਾਗ੍ਰਾਮ ’ਤੇ ਜਗਦੀਪ ਵਿਰਦੀ ਦੇ ਪੇਜ ’ਤੇ ਉਸ ਦੀ ਵੀਡੀਓ ਨੂੰ ਲਾਈਕ ਕਰਕੇ 21 ਮਾਰਚ ਤੱਕ ਵੋਟ ਕੀਤਾ ਜਾ ਸਕਦਾ ਹੈ।