ਹਰਜੀਤ ਸਿੰਘ
ਜ਼ੀਰਕਪੁਰ, 9 ਮਾਰਚ
ਯੂਕਰੇਨ ਵਿੱਚ ਫਸੀਆਂ ਜ਼ੀਰਕਪੁਰ ਦੀਆਂ ਦੋ ਵਿਦਿਆਰਥਣਾਂ ਸ਼੍ਰੇਆ ਮਹਿਤਾ ਅਤੇ ਰੀਆ ਸੁਰੱਖਿਅਤ ਘਰ ਪਹੁੰਚ ਗਈਆਂ ਹਨ, ਜਿਨ੍ਹਾਂ ਦਾ ਪਰਿਵਾਰ ਨੇ ਭਰਵਾਂ ਸਵਾਗਤ ਕੀਤਾ।
ਸ਼੍ਰੇਆ ਮਹਿਤਾ ਪੁੱਤਰੀ ਯੋਗੇਸ਼ ਮਹਿਤਾ ਵਾਸੀ ਯਮੁਨਾ ਐਨਕਲੇਵ ਨੇ ਦੱਸਿਆ ਉਹ ਨੈਸ਼ਨਲ ਯੂਨੀਵਰਸਿਟੀ ਖਾਰਕੀਵ ਵਿੱਚ ਐੱਮਬੀਬੀਐੱਸ ਚੌਥੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਉਸ ਨੇ ਦੱਸਿਆ ਯੂਕਰੇਨ ਵਿੱਚ ਹਾਲਾਤ ਬਹੁਤ ਖ਼ਰਾਬ ਹਨ, ਹਰ ਪਾਸੇ ਹੋ ਰਹੀ ਗੋਲਾਬਾਰੀ ਕਾਰਨ ਸਹਿਮ ਦਾ ਮਾਹੌਲ ਹੈ।
ਉਨ੍ਹਾਂ ਨੂੰ ਹੋਸਟਲ ਦੇ ਬੇਸਮੈਂਟ ਵਿੱਚ ਵਿਸ਼ੇਸ਼ ਤੌਰ ’ਤੇ ਉਸਾਰੇ ਬੰਕਰ ਵਿੱਚ ਸਮਾਂ ਲੰਘਾਉਣਾ ਪਿਆ। ਖਾਣ-ਪੀਣ ਦੇ ਸਾਮਾਨ ਦੀ ਤੋਟ ਮਗਰੋਂ ਉਨ੍ਹਾਂ ਉੱਥੋਂ ਨਿਕਲਣ ਦਾ ਫ਼ੈਸਲਾ ਕੀਤਾ। ਉਹ ਸਿਰਫ਼ 50 ਵਿਦਿਆਰਥਣਾਂ ਹੀ ਰੇਲ ਗੱਡੀ ਵਿੱਚ ਚੜ੍ਹਨ ’ਚ ਸਫ਼ਲ ਹੋਈਆਂ। ਇਸ ਮਗਰੋਂ ਉਹ 24 ਘੰਟੇ ਦਾ ਸਫ਼ਰ ਤੈਅ ਕਰਕੇ ਲਵੀਵ ਪਹੁੰਚੀਆਂ, ਜਿੱਥੋਂ ਕਾਫ਼ੀ ਜੱਦੋ-ਜਹਿਦ ਮਗਰੋਂ ਟੈਕਸੀ ਕਰਕੇ ਉਹ ਪੋਲੈਂਡ ਦੀ ਸਰਹੱਦ ’ਤੇ ਪੁੱਜੀਆਂ।
ਇੱਥੋਂ ਅਗਲੇ ਦਿਨ ਸਰਹੱਦ ਪਾਰ ਕਰਨ ਮਗਰੋਂ ਉਨ੍ਹਾਂ ਨੂੰ ਹਵਾਈ ਉਡਾਣ ਮਿਲੀ ਅਤੇ ਉਹ ਜੰਗ ਦੇ ਖੌਫ਼ਨੁਮਾ ਮਾਹੌਲ ਵਿੱਚੋਂ ਨਿਕਲ ਕੇ ਸੁਰੱਖਿਅਤ ਘਰ ਪਹੁੰਚੀਆਂ। ਇਸੇ ਤਰ੍ਹਾਂ ਰੀਆਂ ਪੁੱਤਰੀ ਰੋਹਿਤ ਵਾਸੀ ਸੈਣੀ ਵਿਹਾਰ ਬਲਟਾਣਾ ਨੇ ਦੱਸਿਆ ਕਿ ਉਹ ਯੂਕਰੇਨ ਤੋਂ ਵਾਪਸੀ ਸਮੇਂ ਆਪਣੇ ਸਾਥੀਆਂ ਨਾਲੋਂ ਵਿਛੜ ਗਈ ਸੀ ਪਰ ਕਿਸੇ ਦੀ ਮਦਦ ਸਦਕਾ ਉਹ ਹੰਗਰੀ ਦੀ ਸਰਹੱਦ ਤੱਕ ਪਹੁੰਚ ਗਈ, ਜਿੱਥੋਂ ਉਸ ਨੇ ਭਾਰਤ ਲਈ ਹਵਾਈ ਜਹਾਜ਼ ਰਾਹੀਂ ਵਾਪਸੀ ਕੀਤੀ। ਦੋਵਾਂ ਵਿਦਿਆਰਥਣਾਂ ਦੇ ਸਹੀ ਸਲਾਮਤ ਘਰ ਪਹੁੰਚਣ ’ਤੇ ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ਦੀ ਅਧੂਰੀ ਪੜ੍ਹਾਈ ਭਾਰਤ ਵਿੱਚ ਪੂਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ।