ਮਨੋਜ ਸ਼ਰਮਾ
ਬਠਿੰਡਾ, 16 ਜੁਲਾਈ
ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਅਤੇ ਭਾਜਪਾ ਆਗੂਆਂ ਨੂੰ ਘਰੋਂ ਬਾਹਰ ਨਿਕਲਣ ’ਤੇ ਕਿਸਾਨ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਕਿਸਾਨਾਂ ਦੇ ਹੱਕ ਵਿਚ ਨਿੱਤਰਨ ਮਗਰੋਂ ਪਾਰਟੀ ਨੇ ਬਾਹਰ ਦਾ ਰਾਹ ਦਿਖਾ ਦਿੱਤਾ ਸੀ। ਇਸੇ ਤਰ੍ਹਾਂ ਹੁਣ ਬਠਿੰਡਾ ਜ਼ਿਲ੍ਹੇ ਦੇ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਮੋਹਿਤ ਗੁਪਤਾ ਨੂੰ ਵੀ ਅਨਿਲ ਜੋਸ਼ੀ ਦੀ ਰਾਹ ’ਤੇ ਚੱਲਣਾ ਮਹਿੰਗਾ ਪੈ ਗਿਆ। ਜ਼ਿਕਰਯੋਗ ਹੈ ਕਿ ਮੋਹਿਤ ਗੁਪਤਾ ਨੇ ਅਨਿਲ ਜੋਸ਼ੀ ਖ਼ਿਲਾਫ਼ ਹੋਈ ਕਾਰਵਾਈ ਵਾਲੇ ਦਿਨ ਨੂੰ ਭਾਜਪਾ ਲਈ ਕਾਲਾ ਦਿਨ ਦੱਸਿਆ ਸੀ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਅਸਤੀਫੇ ਦੀ ਮੰਗ ਕੀਤੀ ਸੀ। ਅੱਜ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਮੋਹਿਤ ਗੁਪਤਾ ਨੂੰ ਕਾਰਨ ਨੋਟਿਸ ਜਾਰੀ ਕਰਦਿਆਂ ਦੋ ਦਿਨਾਂ ਦੇ ਅੰਦਰ-ਅੰਦਰ ਸਥਿਤੀ ਸਪੱਸ਼ਟ ਕਰਨ ਲਈ ਆਖਿਆ ਤੇ ਕਿਹਾ ਕਿ ਮੋਹਿਤ ਗੁਪਤਾ ਲਗਤਾਰ ਪਾਰਟੀ ਦੀ ਸੂਬਾਈ ਲੀਡਰਸ਼ਿਪ ਸਮੇਤ ਪਾਰਟੀ ਦੇ ਕੰਮਾਂ ’ਤੇ ਸਵਾਲ ਚੁੱਕ ਰਹੇ ਹਨ, ਜੋ ਪਾਰਟੀ ਦੇ ਅਨੁਸ਼ਾਸਨ ਭੰਗ ਕਰਨ ਵਾਲੀ ਕਾਰਵਾਈ ਹੈ। ਦੱਸਣਯੋਗ ਹੈ ਕਿ ਬਠਿੰਡਾ ਅੰਦਰ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਤੋਂ ਇਲਾਵਾ ਪ੍ਰਧਾਨ ਅਸ਼ਵਨੀ ਸ਼ਰਮਾ ਸਣੇ ਭਾਜਪਾ ਦੇ ਵੱਡੇ ਦਿੱਗਜ ਆਗੂਆਂ ਨੂੰ ਕਿਸਾਨੀ ਰੋਹ ਦਾ ਸਾਹਮਣਾ ਕਰਨਾ ਪਿਆ ਸੀ।