ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਫ਼ਰਵਰੀ
ਫ਼ਿਰੋਜ਼ਪੁਰ ’ਚ ਵੋਟਾਂ ਦੀ ਗਿਣਤੀ ਵਾਲੇ ਸਥਾਨ ਦੇ ਬਾਹਰ ਕੁਝ ਵਿਅਕਤੀਆਂ ਨੇ ਨਤੀਜੇ ਆਉਣ ਤੋਂ ਬਾਅਦ ਹਵਾਈ ਫ਼ਾਇਰ ਕੀਤੇ। ਇਹ ਘਟਨਾ ਛਾਉਣੀ ਮੁੱਖ ਚੌਂਕ ’ਚ ਵਾਪਰੀ। ਇਥੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਸਥਿਤ ਮਨੋਹਰ ਲਾਲ ਸਕੂਲ ਵਿਚ ਵੋਟਾਂ ਦੀ ਗਿਣਤੀ ਚੱਲ ਰਹੀ ਸੀ। ਸ਼ਹਿਰ ਦੇ 33 ਵਾਰਡਾਂ ਦੇ ਜ਼ਿਆਦਾਤਰ ਨਤੀਜੇ ਕਾਂਗਰਸ ਦੇ ਹੱਕ ਵਿਚ ਆਏ ਹਨ। ਫ਼ਾਇਰਿੰਗ ਵੇਲੇ ਪੁਲੀਸ ਦੇ ਕਈ ਮੁਲਾਜ਼ਮ ਤੇ ਅਧਿਕਾਰੀ ਵੀ ਉਥੇ ਮੌਜੂਦ ਸਨ। ਦੱਸਿਆ ਜਾਂਦਾ ਹੈ ਕਿ ਕਾਂਗਰਸ ਦੇ ਹੱਕ ਵਿਚ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਕੁਝ ਸਮਰਥਕਾਂ ਵੱਲੋਂ ਖੁਸ਼ੀ ਵਿਚ ਹਵਾਈ ਫ਼ਾਇਰ ਕੀਤੇ ਗਏ ਹਨ। ਪੱਤਰਕਾਰਾਂ ਨੇ ਜਦੋਂ ਇਸ ਬਾਰੇ ਪੁਲੀਸ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਦੱਸ ਦਈਏ ਕਿ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਾਰੇ ਅਸਲਾ ਧਾਰਕਾਂ ਨੂੰ ਆਪਣੇ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ॥