ਪੱਤਰ ਪ੍ਰੇਰਕ
ਮੋਗਾ/ਸਮਾਲਸਰ, 20 ਜੂਨ
ਥਾਣਾ ਸਮਾਲਸਰ ਦੇ ਪਿੰਡ ਬੰਬੀਹਾ ਭਾਈ ਦੇ ਖੇਤਾਂ ਵਿੱਚ ਰਹਿੰਦੇ ਇੱਕ ਕਿਸਾਨ ਪਰਿਵਾਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ 10 ਤੋਂ 15 ਗੋਲੀਆਂ ਚਲਾਈਆਂ ਗਈਆਂ। ਕਿਸਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ ’ਤੇ ਧਮਕੀ ਦੇ ਕੇ ਪੰਜ ਲੱਖ ਰੁਪਏ ਦੀ ਮੰਗ ਕੀਤੀ ਸੀ। ਧਮਕੀ ਦੇਣ ਵਾਲਾ ਖ਼ੁਦ ਨੂੰ ਗੋਲਡੀ ਬਰਾੜ ਦਾ ਬੰਦਾ ਦੱਸ ਰਿਹਾ ਸੀ। ਇਸ ਬਾਰੇ ਤਰਲੋਚਨ ਸਿੰਘ ਨੇ ਪੁਲੀਸ ਨੂੰ ਵੀ ਸੂਚਿਤ ਕੀਤਾ ਸੀ। ਫ਼ੋਨ ਆਉਣ ਤੋਂ ਸਤਾਰਾਂ ਦਿਨਾਂ ਬਾਅਦ ਅੱਜ ਸਵੇਰ ਵੇਲੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਘਰ ਦੀਆਂ ਕੰਧਾਂ ਟੱਪ ਕੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਬਾਘਾਪੁਰਾਣਾ ਦੇ ਡੀਐੱਸਪੀ ਸ਼ਮਸ਼ੇਰ ਸਿੰਘ, ਸੀਆਈਏ ਇੰਚਾਰਜ ਤਰਲੋਚਨ ਸਿੰਘ ਤੇ ਥਾਣਾ ਸਮਾਲਸਰ ਦੇ ਮੁਖੀ ਦਲਜੀਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।