ਪੱਤਰ ਪ੍ਰੇਰਕ
ਜ਼ੀਰਾ, 14 ਜੂਨ
ਇੱਥੋਂ ਦੇ ਮੁਹੱਲਾ ਮੱਲੀਆਂ ’ਚ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਕੋਆਪਰੇਟਿਵ ਸੁਸਾਇਟੀ ਦਾ ਸਕੱਤਰ ਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ। ਮਨਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਕਈ ਜਣੇ ਮੂੰਹ ਬੰਨ੍ਹ ਕੇ ਆਏ, ਉਨ੍ਹਾਂ ਘਰ ਵਿਚ ਦਾਖ਼ਲ ਹੁੰਦਿਆਂ ਹੀ ਗੋਲੀਆਂ ਚਲਾਈਆਂ ਤੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ। ਉਨ੍ਹਾਂ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਘਟਨਾ ਰਾਤ ਗਿਆਰਾਂ ਵਜੇ ਵਾਪਰੀ ਪਰ ਪੁਲੀਸ ਬਾਰਾਂ ਘੰਟਿਆਂ ਬਾਅਦ ਉਨ੍ਹਾਂ ਕੋਲ ਪੁੱਜੀ। ਸਿਵਲ ਹਸਪਤਾਲ ਜ਼ੀਰਾ ਦੇ ਡਾ. ਜਗਪਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਦੇ ਚਾਰ ਗੋਲੀਆਂ ਲੱਗੀਆਂ ਹਨ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।