ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 31 ਅਗਸਤ
ਮੁੱਖ ਅੰਸ਼
- ਸੈਣੀ ਦੇ ਵਕੀਲ ਨੇ ਦੋ ਅਰਜ਼ੀਆਂ ਵਾਪਸ ਲਈਆਂ
- 9 ਸਤੰਬਰ ਨੂੰ ਹੀ ਹੋਵੇਗੀ ਪੁਰਾਣੀ ਪਟੀਸ਼ਨ ’ਤੇ ਸੁਣਵਾਈ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਰਾਹਤ ਦੀ ਮੰਗ ਵਾਲੀ ਪਟੀਸ਼ਨ ਮੁੱਢੋਂ ਰੱਦ ਕਰ ਦਿੱਤੀ ਹੈ ਜਦਕਿ ਦੋ ਤਾਜ਼ਾ ਪਟੀਸ਼ਨਾਂ ਸੈਣੀ ਨੇ ਆਪਣੇ ਵਕੀਲ ਰਾਹੀਂ ਖ਼ੁਦ ਹੀ ਵਾਪਸ ਲੈ ਲਈਆਂ ਹਨ। ਸੁਮੇਧ ਸੈਣੀ ਦੀ ਸਾਲ 2018 ਵਾਲੀ ਪੁਰਾਣੀ ਪਟੀਸ਼ਨ ਉੱਤੇ ਵੀ ਪਹਿਲਾਂ ਤੋਂ ਨਿਰਧਾਰਿਤ 9 ਸਤੰਬਰ ਨੂੰ ਹੀ ਸੁਣਵਾਈ ਹੋਵੇਗੀ। ਸੈਣੀ ਨੇ ਬੀਤੇ ਦਿਨੀਂ ਆਪਣੇ ਵਕੀਲ ਏਪੀਐੱਸ ਦਿਉਲ ਰਾਹੀਂ ਉੱਚ ਅਦਾਲਤ ਵਿੱਚ ਨਵੇਂ ਸਿਰਿਓਂ ਅਰਜ਼ੀਆਂ ਦਾਇਰ ਕਰਕੇ ਪੁਰਾਣੀ ਪਟੀਸ਼ਨ ਦੀ ਸੁਣਵਾਈ ਅਗਾਊਂ ਕਰਨ ਦੀ ਮੰਗ ਕਰਦਿਆਂ ਅੱਜ 31 ਅਗਸਤ ਨੂੰ ਸੇਵਾਮੁਕਤ ਹੋ ਰਹੇ ਵਿਸ਼ੇਸ਼ ਜੱਜ ਕੋਲ ਹੀ ਸੁਣਵਾਈ ਦੀ ਅਪੀਲ ਕੀਤੀ ਸੀ। ਪੰਜਾਬ ਸਰਕਾਰ ਵੱਲੋਂ ਪੇਸ਼ ਵਧੀਕ ਐਡਵੋਕੇਟ ਜਨਰਲ ਸੁਦੀਪਤੀ ਸ਼ਰਮਾ ਨੇ ਕਿਹਾ ਕਿ ਸੁਮੇਧ ਸੈਣੀ ਬੇਮਤਲਬ ਦੀਆਂ ਅਰਜ਼ੀਆਂ ਦਾਇਰ ਕਰਕੇ ਜੁਡੀਸ਼ਰੀ ਨੂੰ ਗੁੰਮਰਾਹ ਕਰ ਰਹੇ ਹਨ। ਅਦਾਲਤ ਨੇ ਵਧੀਕ ਐਡਵੋਕੇਟ ਜਨਰਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸੈਣੀ ਦੇ ਵਕੀਲ ਨੂੰ ਕਿਹਾ ਕਿ ਕਿਸੇ ਵੀ ਮਾਮਲੇ ਵਿੱਚ ਰਾਹਤ ਲੈਣ ਦਾ ਇਹ ਤਰੀਕਾ ਗਲਤ ਹੈ। ਲਿਹਾਜ਼ਾ ਉਹ ਸੈਣੀ ਦੀਆਂ ਦੋਵੇਂ ਅਰਜ਼ੀਆਂ ਰੱਦ ਕਰ ਰਹੇ ਹਨ। ਇਹ ਸੁਣ ਕੇ ਸੈਣੀ ਦੇ ਵਕੀਲ ਨੇ ਖ਼ੁਦ ਹੀ ਤਾਜ਼ਾ ਅਰਜ਼ੀਆਂ ਵਾਪਸ ਲਈਆਂ। ਜਦਕਿ ਇਕ ਯੂ-ਟਿਊਬ ਚੈਨਲ ’ਤੇ ਇੰਟਰਵਿਊ ਦੀ ਪੈਨ ਡਰਾਈਵ ਸਬੰਧੀ ਅਰਜ਼ੀ ਜੱਜ ਨੇ ਰੱਦ ਕਰਦਿਆਂ ਕਿਹਾ ਕਿ ਪੁਰਾਣੇ ਕੇਸ ਦੀ ਸੁਣਵਾਈ 9 ਸਤੰਬਰ ਨੂੰ ਹੀ ਹੋਵੇਗੀ। ਉੱਧਰ, ਸੈਣੀ ਦੀ ਰਿਹਾਈ ਖ਼ਿਲਾਫ਼ ਦਾਇਰ ਇਕ ਵੱਖਰੀ ਪਟੀਸ਼ਨ ’ਤੇ ਸੁਣਵਾਈ ਨਹੀਂ ਹੋ ਸਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟੀਸ਼ਨ ’ਚ ਕਿਹਾ ਗਿਆ ਕਿ ਇਹ ਕੇਸ ਜਸਟਿਸ ਏਕੇ ਤਿਆਗੀ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਸੀ ਤੇ ਇਸ ਕੇਸ ਦੀ ਸੁਣਵਾਈ 31 ਅਗਸਤ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਜਸਟਿਸ ਤਿਆਗੀ ਪਹਿਲਾਂ ਹੀ ਕੇਸ ਦੇ ਤੱਥਾਂ ਤੋਂ ਜਾਣੂ ਸਨ ਅਤੇ ਉਹ ਅੱਜ ਸੇਵਾਮੁਕਤ ਹੋ ਰਹੇ ਹਨ। ਸਰਕਾਰੀ ਵਕੀਲ ਵੱਲੋਂ ਉਪਰੋਕਤ ਤੱਥ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਜਸਟਿਸ ਤਿਆਗੀ ਨੇ ਤੁਰੰਤ ਇਹ ਪ੍ਰਗਟਾਵਾ ਕੀਤਾ ਕਿ ਉਹ ਸੈਣੀ ਦੀ ਅਰਜ਼ੀ ’ਤੇ ਵਿਚਾਰ ਨਹੀਂ ਕਰਨਗੇ। ਇਸ ਹਾਲਾਤ ਵਿੱਚ ਸੈਣੀ ਦੇ ਵਕੀਲ ਨੇ ਆਪਣੀ ਅਰਜ਼ੀ ਵਾਪਸ ਲੈ ਲਈ।
ਵਿਜੀਲੈਂਸ ਵੱਲੋਂ ਸੈਣੀ ਨੂੰ ਅੱਜ ਪੇਸ਼ ਹੋਣ ਲਈ ਸੰਮਨ
ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਭਲਕੇ 1 ਸਤੰਬਰ ਨੂੰ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਸੱਦਿਆ ਗਿਆ ਹੈ। ਇਸ ਸਬੰਧੀ ਉਨ੍ਹਾਂ ਨੂੰ ਸੰਮਨ ਭੇਜੇ ਗਏ ਹਨ ਅਤੇ ਚੰਡੀਗੜ੍ਹ ਵਾਲੀ ਕੋਠੀ ਦੇ ਬਾਹਰ ਵੀ ਨੋਟਿਸ ਚਿਪਕਾਇਆ ਗਿਆ ਹੈ। ਸੈਣੀ ਦੇ ਵਕੀਲ ਏਪੀਐੱਸ ਦਿਉਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਖ਼ਦਸ਼ਾ ਹੈ ਕਿ ਜਿਵੇਂ ਪਿਛਲੇ ਦਿਨੀਂ ਵਿਜੀਲੈਂਸ ਨੇ ਜਾਂਚ ਵਿੱਚ ਸ਼ਾਮਲ ਹੋਣ ਆਏ ਨੂੰ ਗਲਤ ਤਰੀਕੇ ਨਾਲ ਗ੍ਰਿਫ਼ਤਾਰ ਕਰ ਲਿਆ ਸੀ। ਸ਼ਾਇਦ ਕਿਤੇ ਹੁਣ ਵੀ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾ ਕੇ ਫਿਰ ਤੋਂ ਗ੍ਰਿਫ਼ਤਾਰ ਨਾ ਕਰ ਲਿਆ ਜਾਵੇ।