ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 8 ਅਕਤੂਬਰ
ਚੋਈ ਬਾਜ਼ਾਰ ਵਿੱਚ ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਕੱਢੀ ਗਈ, ਜੋ ਨਗਰ ਦੇ ਮੁੱਖ ਬਾਜ਼ਾਰਾਂ, ਗਲੀਆਂ ਅਤੇ ਮੁਹੱਲਿਆਂ ਵਿਚੋਂ ਹੁੰਦੀ ਹੋਈ ਵਾਪਸ ਭਗਵਾਨ ਵਾਲਮੀਕਿ ਦੇ ਮੰਦਰ ਸਮਾਪਤ ਹੋਈ। ਇਸ ਦੌਰਾਨ ਐਡਵੋਕੇਟ ਪਰਵਿੰਦਰ ਸਿੰਘ ਘੱਗਾ (ਪ੍ਰਧਾਨ), ਸੀਨੀਅਰ ਭਾਜਪਾ ਆਗੂ ਡਾ. ਪਰਮਿੰਦਰ ਸ਼ਰਮਾ ਅਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਰਮੇਸ਼ ਚੰਦਰ ਸ਼ਾਸਤਰੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਈਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਕੀਰਤਨ ਮੰਡਲੀਆਂ ਵੱਲੋਂ ਭਗਵਾਨ ਵਾਲਮੀਕਿ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਬਣਾਈਆਂ ਗਈਆਂ ਝਾਂਕੀਆਂ ਵੀ ਖਿੱਚ ਦਾ ਕੇਂਦਰ ਬਣੀਆਂ।
ਅਮਹੋਲ (ਪੱਤਰ ਪ੍ਰੇਰਕ): ਸੈਂਟਰਲ ਵਾਲਮੀਕਿ ਸਭਾ ਇੰਡੀਆਂ ਵੱਲੋਂ ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਮਾਨਵ ਜਾਗ੍ਰਤੀ ਸੰਮੇਲਨ ਸੂਬਾ ਮੀਤ ਪ੍ਰਧਾਨ ਅਤੇ ਕੌਂਸਲਰ ਹਰਵਿੰਦਰ ਵਾਲੀਆ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ਭਗਵਾਨ ਵਾਲਮੀਕਿ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਅਤੇ ਦੰਦਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਗਿਆ।
ਲਾਲੜੂ (ਪੱਤਰ ਪ੍ਰੇਰਕ): ਲਾਲੜੂ ਅਤੇ ਬੱਲੋਪੁਰ ਵਿੱਚ ਇਲਾਕਾ ਵਾਸੀਆਂ ਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ਼ ਮੌਕੇ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ।
ਮੋਰਿੰਡਾ (ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਸਭਾ ਮੋਰਿੰਡਾ ਵਲੋਂ ਵੱਖ-ਵੱਖ ਬਾਜ਼ਾਰਾਂ ’ਚੋਂ ਸ਼ੋਭਾ ਯਾਤਰਾ ਕੱਢੀ ਗਈ। ਸਭਾ ਦੇ ਪ੍ਰਧਾਨ ਹਰੀਪਾਲ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਭਗਵਾਨ ਵਾਲਮੀਕ ਜੀ ਦੇ ਜੀਵਨ ਸਬੰਧੀ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ।
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੱਜ ਡੇਰਾਬੱਸੀ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਵਾਲਮੀਕਿ ਮੰਦਰ ਨੇੜੇ ਟੈਲੀਫੋਨ ਐਕਸਚੇਂਜ ਤੋਂ ਸ਼ੁਰੂ ਕੀਤੀ ਗਈ। ਸ਼ੋਭਾ ਯਾਤਰਾ ਨੂੰ ਝੰਡੀ ਦੇਣ ਦੀ ਰਸਮ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅਦਾ ਕੀਤੀ।