ਦੀਪਕ ਠਾਕੁਰ
ਤਲਵਾੜਾ, 6 ਮਾਰਚ
ਇੱਥੇ ਬੀਬੀਐੱਮਬੀ ਕਲੋਨੀ ਦੇ ਸੈਕਟਰ ਇੱਕ ਸਥਿਤ ਮੰਦਰ ਦੇ ਪੁਜਾਰੀ ਚੁੰਨੂ ਝਾਅ ਦਾ ਪੁੱਤਰ ਸ਼ਿਵਮ ਝਾਅ ਯੂਕਰੇਨ ਤੋਂ ਸਹੀ ਸਲਾਮਤ ਘਰ ਪਰਤ ਆਇਆ ਹੈ। ਸ਼ਿਵਮ ਝਾਅ ਯੂਕਰੇਨ ਦੀ ਰਾਜਧਾਰੀ ਕੀਵ ’ਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ ਤੇ ਪੰਜਵੇਂ ਸਾਲ ਦਾ ਵਿਦਿਆਰਥੀ ਹੈ। ਸ਼ਿਵਮ ਝਾਅ ਨੇ ਦੱਸਿਆ ਕਿ ਯੂਕਰੇਨ ਵਿੱਚ ਹਾਲਾਤ ਖਰਾਬ ਹੋਣ ਕਾਰਨ ਉਹ ਆਪਣੇ ਦੋ ਸਾਥੀਆਂ ਨਾਲ 24 ਫਰਵਰੀ ਨੂੰ ਟੈਕਸੀ ਰਾਹੀਂ ਪੋਲੈਂਡ ਸਰਹੱਦ ਵੱਲ ਨਿਕਲੇ ਸਨ।
ਕੀਵ ਤੋਂ ਪੋਲੈਂਡ ਸਰਹੱਦ ਦੀ ਦੂਰੀ ਕਰੀਬ 600 ਤੋਂ 700 ਕਿਲੋਮੀਟਰ ਹੈ, ਉਹ ਅਗਲੀ ਸਵੇਰ ਪੋਲੈਂਡ ਸਰਹੱਦ ’ਤੇ ਪੁੱਜੇ ਪਰ ਯੂਕਰੇਨ ਚੈੱਕਪੋਸਟ ’ਤੇ ਭਾਰਤੀ ਦੂਤਾਵਾਸ ਵੱਲੋਂ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ 14 ਤੋਂ 15 ਘੰਟੇ ਉੱਥੇ ਰੁਕਣਾ ਪਿਆ। ਫਿਰ ਉਹ ਉੱਥੋਂ 25 ਕਿਲੋਮੀਟਰ ਪੈਦਲ ਚੱਲ ਕੇ ਅਗਲੀ ਚੈੱਕ ਪੋਸਟ ’ਤੇ ਪਹੁੰਚੇ। ਛੇ ਦਿਨਾਂ ਬਾਅਦ ਉਹ ਤਿੰਨ ਮਾਰਚ ਨੂੰ ਪੋਲੈਂਡ ਤੋਂ ਭਾਰਤ ਲਈ ਜਹਾਜ਼ ਚੜ੍ਹੇ ਅਤੇ ਬੀਤੇ ਦਿਨ ਤਲਵਾੜਾ ਸਥਿਤ ਆਪਣੇ ਘਰ ਪਹੁੰਚਿਆ। ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ ਸਬੰਧੀ ਇੱਕ ਭਾਜਪਾ ਵਿਧਾਇਕ ਵੱਲੋਂ ਕੀਤੀ ਟਿੱਪਣੀ ’ਤੇ ਸ਼ਿਵਮ ਝਾਅ ਨੇ ਕਿਹਾ ਕਿ ਭਾਰਤ ਵਿੱਚ ਮੱਧ ਵਰਗ ਦੇ ਬੱਚਿਆਂ ਲਈ ਡਾਕਟਰ ਬਣਨਾ ਇੱਕ ਸੁਫ਼ਨਾ ਹੈ। ਦੇਸ਼ ’ਚ ਮੈਡੀਕਲ ਦੀ ਪੜ੍ਹਾਈ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ। ਭਾਰਤੀ ਵਿਦਿਆਰਥੀ ਵਿਦੇਸ਼ਾਂ ’ਚ ਆਪਣਾ ਡਾਕਟਰ ਬਣਨ ਦਾ ਸੁਪਨਾ ਪੂਰਾ ਕਰ ਰਹੇ ਹਨ। ਉਸ ਨੇ ਕਿਹਾ ਕਿ ਦੇਸ਼ ’ਚ ਮੈਡੀਕਲ ਦੀਆਂ ਕੁੱਲ 75 ਹਜ਼ਾਰ ਸੀਟਾਂ ਲਈ ਹਰ ਸਾਲ 11 ਲੱਖ ਤੋਂ ਵੱਧ ਵਿਦਿਆਰਥੀ ਨੀਟ ਦੀ ਪ੍ਰੀਖਿਆ ਦਿੰਦੇ ਹਨ, ਜਿਸ ਕਾਰਨ ਹਰ ਸਾਲ ਲੱਖਾਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵੱਲ ਕੂਚ ਕਰਨਾ ਪੈ ਰਿਹਾ ਹੈ। ਆਪਣੇ ਪੁੱਤਰ ਦੀ ਸੁਰੱਖਿਅਤ ਘਰ ਵਾਪਸੀ ’ਤੇ ਸ਼ਿਵਮ ਝਾਅ ਦੇ ਪਿਤਾ ਚੁੰਨੂ ਝਾਅ ਤੇ ਮਾਤਾ ਸੁਨੀਤਾ ਦੇਵੀ ਨੇ ਸੁੱਖ ਦਾ ਸਾਹ ਲਿਆ।
ਅਨਿਕਾ ਦੇ ਮਾਪੇ ਫਿਕਰਮੰਦ
ਹੈਲਥ ਇੰਸਪੈਕਟਰ ਰਾਕੇਸ਼ ਕੁਮਾਰ ਦੀ ਪੁੱਤਰੀ ਅਨਿਕਾ ਅਜੇ ਵੀ ਯੂਕਰੇਨ ਵਿੱਚ ਫਸੀ ਹੋਣ ਕਾਰਨ ਮਾਪੇ ਚਿੰਤਤ ਹਨ। ਪਿਤਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਲੰਘੇ ਦਿਨ ਉਨ੍ਹਾਂ ਦੀ ਫੋਨ ’ਤੇ ਅਨਿਕਾ ਨਾਲ ਗੱਲ ਹੋਈ ਸੀ, ਜਿਸ ਨੇ ਦੱਸਿਆ ਕਿ ਉਹ ਖਾਰਕੀਵ ਤੋਂ ਪੋਲੈਂਡ ਬਾਰਡਰ ਲਈ ਬੱਸਾਂ ਰਾਹੀਂ ਜਾ ਰਹੇ ਹਨ।